ਆਹਾਂ ਦੇ ਸੀਤ ਵਲਵਲੇ, ਸੱਧਰਾਂ ਮਸੋਸੀਆਂ
ਔਰਤ ਨੂੰ ਅੱਜ ਵੀ ਪੇਸ਼ ਨੇ ਖਾਨਾਬਦੋਸ਼ੀਆਂ
ਕੰਡੇ ਨੇ ਦਿਲ ਦੀ ਪੈੜ ਨੂੰ ਸੁਫਨੇ ਦੇ ਰਾਸਤੇ
ਹਿਜਰਾਂ ਦੀਆਂ ਸਭ ਮੰਜ਼ਿਲਾਂ ਤਾਂਘਾਂ ਪਲੋਸੀਆਂ
ਕੁਖ ਵੀ ਜਵਾਬਦੇਹ ਨਹੀਂ ਕਬਰਾਂ 'ਚ ਵਟਦਿਆਂ
ਅੱਜ ਖੂਨ ਵੀ ਮੁਆਫ ਨੇ ਚਿਟ-ਕਪੜੇ ਦੋਸ਼ੀਆਂ
ਕਾਵਾਂ ਤੇ ਕੁੱਤਿਆਂ ਦੀਆਂ ਖਾਧਾਂ ਨੇ ਬਣਦੀਆਂ
ਕੂੜੇ ਦੇ ਢੇਰ ਰੁਲਦੀਆਂ ਕੰਜਕਾਂ ਨੇ ਲੋਥੀਆਂ
ਭਖਦੇ ਤੰਦੂਰੀਂ ਸੜਦੀਆਂ ਸੰਸਦ ਦੀ ਅੱਖ ਹੇਠ
ਦਿੱਲੀ ਦੇ ਪਥ ਤੇ ਛੰਡੀਆਂ ਬੇਤਾਲਾਂ ਨੋਚੀਆਂ
ਬਸ ਮਾਸ ਦੀਆਂ ਬੋਟੀਆਂ ਹਵਸਾਂ ਦੇ ਤਾਜਰੀਂ
ਗੁੰਡਿਆਂ ਚਰੁੰਡ ਸੁੱਟੀਆਂ ਵਰਦੀ ਨੇ ਬੋਚੀਆਂ
ਭੁੱਖਾਂ ਦੇ ਇਵਜ਼ ਵਿਕਦੀਆਂ ਬੇਬਾਕ ਅਸਮਤਾਂ
ਬਸਤੀ ਦੇ ਨ੍ਹੇਰੇ ਕੋਨਿਆਂ ਰਾਤੀਂ ਖਲੋਤੀਆਂ
ਕਾਨੂੰਨ ਤਾਂ ਪਹਿਲਾਂ ਵੀ ਨੇ ਤੇ ਹੋਰ ਬਣਨਗੇ
ਪਰ ਨੀਤੀ ਕੀ ਕਰੇਗੀ ਜਦੋਂ ਨੀਤਾਂ ਖੋਟੀਆਂ
ਜੇ ਸੇਕ ਹੈ ਤਾਂ ਮਾਪਿਆਂ ਬੁਝ ਗਈ ਜੋ "ਦਾਮਿਨੀ"
ਬਲਦੀ ਚਿਤਾ,ਸਿਆਸਤਾਂ ਸੇਕਣੀਆਂ ਰੋਟੀਆਂ
No comments:
Post a Comment