Monday, October 22, 2012

ਸੂਰਜ ਦੇ ਕਾਤਿਲਾਂ ਨੂੰ ਇਲਜ਼ਾਮ ਦੇਣਾ ਪੈਣਾ

ਜੇ ਹੁਣ ਨਹੀਂ ਤਾਂ ਕਲ੍ਹ ਨੂੰ ਕੋਈ ਨਾਮ ਦੇਣਾ ਪੈਣਾ
ਸੂਰਜ ਦੇ ਕਾਤਿਲਾਂ ਨੂੰ ਇਲਜ਼ਾਮ ਦੇਣਾ ਪੈਣਾ *

ਸਰਘੀ ਵੀ ਉਹਨਾਂ ਖਾ ਲਈ , ਬਿਨ- ਟੋਕਿਆਂ ਦੁਪਹਰੀ
ਸਾਨੂੰ ਰਾਤ ਹੀ ਨਾ ਰਹ ਜਾਏ, ਅਜੇ ਸ਼ਾਮ ਦੇਣਾ ਪੈਣਾ

ਬਿਨ ਖੂਨ ਦਏ ਨਾ ਰੁਕਦੀ, ਤਲਵਾਰ ਜ਼ਾਲਿਮਾਂ ਦੀ
ਦਿੱਲੀ ਦੇ ਚੌਕ ਫਿਰ ਹੁਣ ਬਲਿਦਾਨ ਦੇਣਾ ਪੈਣਾ

ਗਿਣਤੀ 'ਚ ਨ ਕਿਸੇ ਵੀ , ਚੁਪ ਛੁਪ ਸ਼ਹੀਦ ਹੋਣਾ...
ਦੁਸ਼ਮਣ ਦਾ ਸਿਰ ਜੇ ਲੈਣਾ, ਸਰੇ ਆਮ ਦੇਣਾ ਪੈਣਾ

ਮੁਕ ਜਾਂਦੇ ਨੇ ਸਮੁੰਦਰ, ਇੰਝ ਬੂੰਦ ਬੂੰਦ ਲੜਿਆਂ
ਇਕ ਹੋ ਕੇ ਜੂਝਣਾ ਪਊ, ਘਮਸਾਨ ਦੇਣਾ ਪੈਣਾ

ਵਾਟੀਂ ਹੀ ਖਿਲਰ ਜਾਂਦੀ ਦੋ-ਚਿੱਤੀਆਂ ਦੀ ਮੰਜ਼ਿਲ
ਜਦ ਛੇੜਿਆ ਹੈ ਜੰਗ ਨੂੰ ਅੰਜਾਮ ਦੇਣਾ ਪੈਣਾ

ਥਕ ਜਾਣ ਜੇ ਦਲੀਲਾਂ, ਬੇਕਾਰ ਜੇ ਅਪੀਲਾਂ
ਅੰਨ੍ਹੇ ਕਾਨੂੰਨ ਤਾਈਂ, ਸੰਗਰਾਮ ਦੇਣਾ ਪੈਣਾ

ਕਦ ਭਗਤ ਸਿੰਘ ਸਰਾਬੇ, ਮੰਗੇ ਨੇ ਦਾਮ ਸਿਰ ਦੇਹ
ਕਲ੍ਹ ਦੇ ਸ਼ਹੀਦਾਂ ਵਾਂਗ ਅੱਜ ਨਿਸ਼ਕਾਮ ਦੇਣਾ ਪੈਣਾ

ਸਾਨੂੰ ਹੀ ਨਹੀਂ ਸਾਡੀਆਂ ਕਈ ਆਉਂਦੀਆਂ ਨਸਲਾਂ ਨੂੰ
ਹਰਜਾਨਾ, ਹੋ ਗਏ ਜੇ ਨਾਕਾਮ ਦੇਣਾ ਪੈਣਾ

ਇਤਹਾਸ ਨੇ ਤਾਂ ਗਾਉਣੀ ਹੈ ਜ਼ਾਲਿਮਾਂ ਦੀ ਉਸਤਤ
ਵਗਦੇ ਲਹੂ ਦੀ ਗਾਥਾ, ਸਿਰਨਾਮ ਦੇਣਾ ਪੈਣਾ

*ih satraaN Paash-Kav chon layee’N han, jo injh ne-
Paash:
ਜੋ ਸਵੇਰੇ ਨਹੀਂ ਤਾਂ ਹੁਣ ਸ਼ਾਮ ਦੇਣਾ ਪਏਗਾ
ਸੂਰਜ ਦੇ ਕਤਲਾਂ ਨੂੰ ਵੀ ਇਲਜ਼ਾਮ ਦੇਣਾ ਪਏਗਾ

Tuesday, September 11, 2012

ਅਸਤ


ਅਸਤ
------------
ਡੁਬ ਗਿਆ ਇਕ ਸੂਰਜ 
ਹੋਰ
ਮੈਨੂੰ ਜੀ ਕੇ
ਦੂਰ ਪਹਾੜਾਂ ਨਾਲ
ਪੱਛਮ ਦੇ
ਸਿਰ ਮਾਰਦਾ ਮੋਇਆ ਹੈ
ਇਕ ਫਰਹਾਦ
ਤੇਸ਼ੇ ਨਾਲ ਖਰਾਦਿਆ
ਭਿਜ ਗਿਆ
ਆਂਚਲ ਸ਼ੀਰੀਂ ਦਾ
ਸ਼ਾਮ ਦੀ
ਲਹੂ ਲੁਹਾਣ ਹੋਇਆ
ਫੇਰ 
ਕਿਸੀ ਦੀ ਵੰਗ ਟੁੱਟੀ 
ਦੰਦੀਂ ਲੈ ਕੇ ਜੀਭ ਟੁੱਕੀ
ਥੱਕਿਆ ਪਰਿੰਦਾ ਮੁੜਿਆ ਕੋਈ
ਧੂੰਏਂ 'ਚੋਂ ਕਾਰਖਾਨਿਆਂ ਦੇ
ਟਕ-ਟਕ ਖਰੜ-ਖਰੜ
ਕੰਨ-ਖਾਣੇਂ ਰੌਲਿਆਂ ਵਿੱਚੋਂ
ਆਹਰ ਕਰਦਾ ਚੋਗ ਦੇ
ਬੋਟ ਕੋਈ ਸੌਂ ਗਿਆ
ਭੁੱਖਣ-ਭਾਣਾ
ਚੁੰਝਾਂ ਤੋਂ ਅੰਞਾਣਾਂ
ਆਸ ਕੋਈ ਸਿਸਕਦੀ
ਨੀਂਦਰਾਂ ਚੋਂ
ਫੁੱਲ ਕੋਈ ਤਰੇਲ੍ਹਿਆ ਗਿਆ
ਚੰ ਨ ਦੀ ਕਾਂਤਰ
ਲਟਕੀ ਹੈ
ਮੇਪਲ ਦੇ ਪੱਤਿਆਂ ਪਿੱਛੇ
ਛੁਰੀ ਵੱਖੀ 'ਚ
ਅੰਬਰ ਦੇ
ਡਲਕਦਾ ਹੈ ਕੁੱਝ
ਨੈਣਾਂ ਵਿਚ ਸੁਰਮਈ
ਰਾਤ ਦੇ
ਤਾਰਾ ਤਾਰਾ ਰੋਇਆ ਹੈ
ਹਨੇਰਾ
ਠਿਠੁਰਦਾ ਹੈ ਸਿਵਾ
ਮੋਏ ਦਿਨ ਦਾ
ਮੁੜ ਆ ਘਰ ਨੂੰ
ਤੂੰ ਵੀ
ਮੇਰਿਆ ਦਿਲਾ
ਫੁੱਲ ਕਲ ਚੁਗਾਂਗੇ------
Charanjit S Mann

Wednesday, September 5, 2012

ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ


ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ
ਕਲ ਦਾ ਅਖਬਾਰ ਸੀ ਬਸ ਦੇਖ ਲਿਆ ਰੱਖ ਛੱਡਿਆ

ਰਾਤ ਮਜ਼ਦੂਰ ਦੇ ਘਰ ਫੇਰ ਨਾ ਚੁੱਲਾ ਜਲਿਆ
ਬਲਦੇ ਜਿਸਮਾਂ ਦੀ ਅਗਨ ਸੇਠ ਮਹੱਲ ਰਤ ਛੱਡਿਆ

ਰੁੱਖ ਇਹ ਆਜ਼ਾਦੀ ਦਾ ਡੰਡਲ ਹੀ ਤਾਂ ਬਸ ਰਹਿ ਗਿਆ ਹੁਣ
ਫਲ ਤਾਂ ਫਲ ਕੋਈ ਸਿਆਸਤ ਨੇ ਨਹੀਂ ਪੱਤ ਛੱਡਿਆ

ਗਲ ਬਰਾਬਰਤਾ ਦੀ ਤੁਰਦੀ ਵੀ ਰਹੀ ਲੰਗੜਾਂਦੀ
ਜੁੱਗੜੇ ਬੀਤ ਗਏ ਮਨੂੰਆਂ ਨਹੀਂ ਹਠ ਛੱਡਿਆ

ਰਾਤ ਕਲਮਾਂ ਜੁੜੀਆਂ ਗਮ ਦੇ ਤ੍ਰਿੰਝਣ ਬੈਠੇ
ਦੁਖ ਦੇ ਚਰਖੇ ਤੇ ਕੋਈ ਗੀਤ ਨਵਾਂ ਕੱਤ ਛੱਡਿਆ

ਹੁਣ ਤਈਂ ਚੀਸ ਵੀ ਇਕ ਇਕ ਮੈਂ ਬਚਾ ਰੱਖੀ ਹੈ
ਫੇਰ ਭੁਲਦਾ ਕਿਵੇਂ ਇੰਝ ਅਕਸ ਤੇਰਾ ਰਟ ਛੱਡਿਆ

ਚਲ ਪਿਆ  ਰਾਤ ਗਏ ਜ਼ਿਕਰ ਗਵਾਚੇ ਚੰਨ ਦਾ
ਗਲ ਤਾਂ ਰੋਣੇ ਦੀ ਸੀ,ਤੇਰੀ ਸੀ ਤਾਂ ਮੈਂ ਹਸ ਛੱਡਿਆ

Tuesday, September 4, 2012

दुआ-ए-मुल्तमस

दुआ-ए-मुल्तमस
--------------
चलो यूं करते हैं
कि रात की तन्हाइयों को
लबों की ख़ामोशियों में
बांध लेते हैं ,
और बङा लेते हैं कुछ
तारीकीयों को
तेरी ज़ुल्फ़-ए-सियाह को तान कर,
और
सितारों से गुज़ारिश करते हैं कि
भींच लें अपनी आखें
कुछ देर के लिए-
चलो
चांद को बुझा लेते हैं----------


-

Friday, August 31, 2012

ਉਹ ਗਿਆ ਕਦ ਦੀ ਉਸ ਦੀ ਬਾਤ ਗਈ


ਉਹ ਗਿਆ ਕਦ ਦੀ ਉਸ ਦੀ ਬਾਤ ਗਈ 

ਖੌਰੇ ਕੀ ਸੋਚਦੀ ਹੈ ਰਾਤ ਗਈ



ਉਮਰ ਹੋਈ ਹੈ ਉਸ ਨੂੰ ਵੇਖਿਆਂ ਵੀ

ਦਿਲ 'ਚ ਤਸਵੀਰ ਸਾਖਸ਼ਾਤ ਗਈ



ਵਿਚ ਗਗਨ ਸੰਗ ਤਾਰਿਆਂ ਉਲਝੀ

ਦੂਰ ਲਭਦੀ ਜੋ ਉਸ ਨੂੰ ਝਾਤ ਗਈ



ਮੈਂ ਲਹੂ ਨਾਲ ਪੇੜ ਸੀ ਸਿੰਜਿਆ

ਘਰ ਬਿਗਾਨੇ ਨੂੰ ਛਾਂ ਦੀ ਦਾਤ ਗਈ



ਇਸ 'ਚ ਤੇਰੀ ਵੀ ਕੋਈ ਜਿਤ ਤਾਂ ਨਹੀਂ

ਹਰ ਹੀ ਬਾਜ਼ੀ ਜੇ ਮੇਰੀ ਮਾਤ ਗਈ



ਸਚ ਹੈ 'ਕੱਲਾ ਹੀ ਤਾਂ ਗਿਆ ਸੀ ਉਹ

ਸਾਥ ਪਰ ਮੇਰੀ ਕਾਇਨਾਤ ਗਈ

Monday, August 27, 2012

ਤੂੰ ਮੇਰੀ ਇਕ ਦੁਖਦੀ ਰਗ ਹੈ


ਮੇਰੇ ਲਈ ਮੇਰੇ ਤੋਂ ਵੱਧ ਹੈ
ਤੂੰ ਮੇਰੀ ਇਕ ਦੁਖਦੀ ਰਗ ਹੈ

ਉਮਰਾਂ ਦੀ ਉੰਗਲ ਤੇ ਜੜਿਆ
ਸੂਹੇ ਇਕ ਮੋਤੀ ਦਾ ਨਗ ਹੈ

ਸ਼ਾਮ ਦੁਮੇਲੀਂ ਬਹਿ ਜਿਸ ਸੇਕੇ
ਬੱਦਲ ਦੇ ਸੀਨੇ ਦੀ ਅੱਗ ਹੈ

ਗੁਲ-ਮੋਹਰ ਦਾ ਫੁੱਲ ਕੋਈ ਖਿੜਿਆ
ਜਾਂ ਤੇਰੇ ਚਿਹਰੇ ਦੀ ਲੱਜ ਹੈ

ਤੇਰੇ ਮੁਖ-ਮੰਡਲ ਦੀਆਂ ਕਿਰਨਾਂ
ਜਿੱਥੋਂ ਤੀਕ ਨਜ਼ਰ ਦੀ ਹੱਦ ਹੈ

ਤੇਰਾ ਹੁਸਨ ਬਿਆਂ ਨਾ ਹੋਇਆ
ਮੇਰੀ ਹੀਣ ਕਲਮ ਦਾ ਕਜ ਹੈ

ਹੋਇਆ ਨਾ ਹੋਇਆ ਇਕ ਵਰਗਾ
ਤੇਰੇ ਬਿਨ ਜੀਵਨ ਦਾ ਹੱਜ ਹੈ?

ਰਾਤਾਂ ਨੂੰ ਲੋਅ ਤਾਰਿਆਂ ਦੀ ਵੀ
ਬਹੁਤੀ ਹੁਸਨ ਤੇਰੇ ਦੀ ਧਜ ਹੈ

Saturday, August 18, 2012

ਦਿਲ ਵੀ ਦੁਖਦਾ ਰਹੇ ਤਾਂ ਚੰਗਾ ਹੈ



ਅੱਖ ਹੈ , ਵਗਦੀ ਰਹੇ ਜੇ ਗੰਗਾ ਹੈ 
ਦਿਲ ਵੀ ਦੁਖਦਾ ਰਹੇ ਤਾਂ ਚੰਗਾ ਹੈ

ਖੂਨ ਤਕ ਪਹੁੰਚਿਆ ਨਾ ਅੱਖ ਰੰਗਣੈ
ਦਰਦ ਉਠਿਆ ਤਾਂ ਪਾਣੀ ਰੰਗਾ ਹੈ 

ਸੁੱਤੇ ਸਿਧ ਜ਼ਿੰਦਗੀ ਕਿਵੇਂ ਚਲਦੀ 
ਲੇਖ ਹੀ ਜਦ ਕਿ ਇਸ ਦਾ ਲੰਗਾ  ਹੈ

ਓਹੀ ਖਿੜਦੀ ਬਹਾਰ ਹੋ ਜਾਵੇ 
ਜੇਸ ਰੁਤ  ਨੂੰ ਤੇਰਾ ਮੜੰਗਾ  ਹੈ

ਦਿਲ ਫੇਰ ਯਾਦ ਦੇ ਦੁਆਰੇ ਤੇ
ਤੇਰੀ ਸੂਰਤ ਦਾ ਭਿਖ- ਮੰਗਾ ਹੈ

ਹੋਵੇ ਕੋਈ ਏਸ ਦਾ ਕੀ ਢੰਗ ਵਾਲਾ
ਮੇਰਾ ਜਦ ਜੀਣ ਹੀ ਬੇਢੰਗਾ ਹੈ

ਘਰ ਘਰ ਕਾਲਖਾਂ ਦਾ ਡੇਰਾ ਹੈ
ਸੰਸਦੀਂ ਝੂਲਦਾ ਤਿਰੰਗਾ ਹੈ

ਮੇਰੇ ਲੇਖਾਂ ਦਾ ਵੀ ਹੈ ਕੀ  ਕਹਣਾ
ਮੱਥੇ ਤੇ ਮਾਰਿਆ ਭੜੰਗਾ ਹੈ 

ਜਲ੍ਹ ਗਿਆਂ ਵੀ ਨਾ ਹੋਈ ਲਾਟ ਨਸੀਬ
ਦਿਲ ਗਲਤ-ਦੌਰ ਦਾ ਪਤੰਗਾ ਹੈ

--------------------------csmann-081812-----