Wednesday, May 2, 2012

ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ


ਅੱਖੀਂ ਬੰਨੇ ਸਬਰਾਂ ਨੂੰ ਠੋਕਰ ਲਗਾ ਕੇ ਤੁਰ ਗਿਆ
ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ

ਸੁੰਨ ਮਸਾਣਾਂ ਦੇ ਖਿਆਲੀਂ ਚੁਪ ਚੁਪੀਤੀ ਯਾਦ ਦਾ
ਬੀਤਿਆਂ ਦੀ ਕਬਰ ਤੇ ਦੀਵਾ ਜਗਾ ਕੇ ਤੁਰ ਗਿਆ

ਜਾਗਦੇ ਜਹੇ ਸੁਫਨਿਆਂ ਵਿਚ ਕੱਚੇ ਘੜਿਆਂ ਦਾ ਸਫਰ
ਸੋਹਣੀ ਦਾ ਝੌਲ੍ਹਾ ਸੀ ਅੱਖਾਂ ਨੂੰ ਝਨਾ ਕੇ ਤੁਰ ਗਿਆ

ਰਚ ਗਈ ਲਹਿੰਦੇ ਦੇ ਪਲਕੀਂ ਵਿਲਕਦੀ ਲਾਲੀ ਜਦੋਂ
ਗੈਰ ਦੀ ਹੱਥ ਆਪਣੇ ਮਹਿੰਦੀ ਰਚਾ ਕੇ ਤੁਰ ਗਿਆ

ਇਸ ਅਧੂਰੇ ਜਗ ਚ ਕੋਈ ਜੀਵ  ਸੀ ਉਸ ਪਾਰ ਦਾ
ਜੰਨਤਾਂ ਦੀ ਰੀਝ ਦਾ ਝੌਲ੍ਹਾ ਵਿਖਾ ਕੇ ਤੁਰ ਗਿਆ

ਜੋਗੀ ਉਹ ਮਤਵਾਲੜਾ ਪਰ ਕਿਰਕ ਅੱਖੀਂ ਛਡ ਗਿਆ
ਦਿਲ ਚ ਦੋ ਪਲ ਬੈਠਿਆ ਧੂਣੀ ਧੁਖਾ ਕੇ ਤੁਰ ਗਿਆ

ਵਲਵਲੇ, ਵਸਲਾਂ ਲਾਹਾਸਿਲ ,ਸੱਧਰਾਂ ਦਿਲ-ਖਾਣੀਆਂ
ਸੌ ਬਲਾਵਾਂ ਮਲਕੜੇ,ਮਨ ਵਿਚ ਜਗਾ ਕੇ ਤੁਰ ਗਿਆ

ਚੰਨ ਦੇ ਹਿਜਰੀਂ ਰੋਂਵਦੇ ਸਰਘੀ ਨੇ ਅੱਖੀਂ ਵੇਖਿਆ
ਫੁੱਲਾਂ ਦੀ ਅੱਖ ਤ੍ਰੇਲ੍ਹ ਦੇ ਤੁਪਕੇ ਚੁਆ ਕੇ ਤੁਰ ਗਿਆ

ਇਕ ਸਵਾਂਤੀ ਬੂੰਦ ਨੂੰ ਅਜਲੋਂ ਪਪੀਹੜੀ ਮੇਰੀ
ਇਸ ਤਰੇਹੀ ਜਾਨ ਨੂੰ ਬੁਕ-ਬੁਕ ਰੁਆ ਕੇ ਤੁਰ ਗਿਆ

2 comments:

  1. ਸਾਰੇ ਦੇ ਸਾਰੇ ਸ਼ਿਅਰ ਬਹੁਤ ਖੂਬਸੂਰਤ ਹਨ ਚਰਨਜੀਤ ਜੀਓ ☬

    ReplyDelete