Saturday, March 31, 2012

ਸ਼ਾਮ ਹੋਈ ਤਰਕਾਲਾਂ ਢਲੀਆਂ


ਸ਼ਾਮ ਹੋਈ ਤਰਕਾਲਾਂ ਢਲੀਆਂ
ਦਿਲ ਵਿਚ ਯਾਦ ਮਿਸ਼ਾਲਾਂ ਜਲੀਆਂ


ਚਾਨਣ ਕਿਰਨਾਂ ਮੂਰਛ ਹੋਈਆਂ
ਤਾਰੇ ਝੱਸਣ ਚੰਨ ਦੀਆਂ ਤਲੀਆਂ


ਪੀਰ ਬੁਲਾ ਸੌ ਟਾਮਣ- ਟੂਣੈ
ਪਰ ਨਾ ਹਿਜਰ ਬਲਾਵਾਂ ਟਲੀਆਂ


ਸਭ ਬੇਕਾਰ ਦਿਲਾਂ ਦਾ ਰਲਣਾ
ਜਦ ਨਾ ਹਥ-ਰੇਖਾਵਾਂ ਰਲੀਆਂ


ਦੰਮਾਂ-ਵਤ ਪਰਦੇਸੀ ਆਏ
ਚੁਣ ਲੈ ਗਏ ਚੰਬੇ ਦੀਆਂ ਕਲੀਆਂ


ਬਣ ਬਣ ਸ਼ਹਿਦ ਕੰਨਾਂ ਵਿਚ ਘੁਲ ਗਏ
ਬੋਲ ਤੇਰੇ ਮਿਸ਼ਰੀ ਦੀਆਂ ਡਲੀਆਂ


ਦਿਲ ਦਿੱਤੇ ਦਾ ਕੁੱਝ ਨਾ ਲੇਖਾ
ਨਾ ਹੀ ਪੁੰਨ,ਨਾ ਮਿਲੀਆਂ ਫਲੀਆਂ


ਚਾਰ ਘੜੀ ਬਹਿ ਬਾਬਲ ਵੇਹੜੇ 
ਕੂੰਜਾ ਆਪਨੜੇ ਘਰ ਚਲੀਆਂ


ਦਹਸ਼ਤ ਬੰਦ ਕਰਾਏ ਬੂਹੇ
ਸੁੰਨ ਫਿਰੇ ਪਿੰਡਾਂ ਦੀਆਂ ਗਲੀਆਂ


ਜਨਤਾ-ਲਾਰੇ ਚੋਣਾਂ ਜਿਤੀਆਂ
ਨਿਜ ਖਾਤਿਰ ਫਿਰ ਦਲ-ਬਦਲੀਆਂ


ਮੇਰੇ ਗੀਤਾਂ ਦਾ ਸਰਮਾਇਆ
ਟੁੱਟੇ ਦਿਲ ਦੀਆਂ ਝੱਲ-ਵਲੱਲੀਆਂ 

ਬੇਮੁਖ ਬੁੱਤਾਂ ਸੰਗ ਨਿਭਾ ਲ


ਬੇਮੁਖ ਬੁੱਤਾਂ ਸੰਗ ਨਿਭਾ ਲਈ
ਏਦਾਂ ਹੀ ਮੈਂ ਉਮਰ ਗਵਾ ਲਈ


ਅੰਬਰ ਪੁੱਜੀ  ਚੀਕ ਤਿਖੇਰੀ 
ਆਪਣੇ ਹੀ ਦਿਲ ਵਾਲ ਪਰਤਾ ਲਈ


 ਇਕ ਖੁਸ਼ੀ ਮੇਰੇ ਹਿੱਸੇ ਦੀ 
ਤੇਰੇ ਦੁਖਾਂ ਨਾਲ ਵਟਾ ਲਈ


ਕੁਝ ਰਸਮਾਂ ,ਰਾਹਾਂ, ਰੋਜ਼ੀ ਦੀ
ਬਾਕੀ ਤੇਰੇ ਲੇਖੇ ਲਾ ਲਈ 


ਫਿਰ ਸਾਰੀ ਉਮਰਾਂ ਦਾ ਧੁਖਣਾ 
ਦੋ ਪਲ ਮਨ ਜੋ ਅੱਗ ਮਚਾ ਲਈ


ਤੇਰਾ ਸਿਰਨਾਵਾਂ ਰਖਦੇ ਸਨ
ਹੰਝ ਡਕਾਰੇ ,ਅੱਗ ਪਚਾ ਲਈ


ਉਸ ਨੈਣਾਂ ਰਾਹ ਦਾਖਲ ਦਿਲ ਹੋ
ਪਰ ਨੈਣਾਂ ਤੋਂ ਨੀਂਦ ਚੁਰਾ ਲਈ


ਅੱਖੀਂ ਚੜ ਪਾਣੀ ਹੜ ਆਏ 
ਰਾਤ ਝਨਾ ਦੀ ਬਾਜ਼ੀ ਲਾ ਲਈ


ਸੀਨੇ ਦਾ ਖਾਲੀ ਸਿੰਘਾਸਨ 
ਅੱਥਰੇ ਦਿਲ ਨੇ ਪੀੜ ਬਹਾ ਲਈ


ਨਾਂ ਤੇਰੇ ਦਾ ਚਰਚਾ ਹੁੰਦਾ
ਚੁੱਪ ਦੇ ਓਹਲੇ ਚੀਕ ਛੁਪਾ ਲਈ 


ਤਾਂਘ ਤੇਰੀ ਉਮਰਾਂ ਦਾ ਲੇਖਾ 
ਮੱਥੇ ਕਰ ਤਕਦੀਰ ਲਿਖਾ ਲਈ


ਮੈਥੋਂ ਪਰ ਨਾ  ਮਰਨੋਂ ਪਹਿਲਾਂ ,
ਹਾਂ! ਉਸ ਨੇ ਪਰ ਮੁਕ ਮੁਕਾ ਲਈ 

Thursday, March 22, 2012

ਕਲੂਟੀ ਗਮ ਦੀ ਘਟਾ ਆ ਘਿਰੇ ਖੁਦਾ ਨਾ ਕਰੇ


ਕਲੂਟੀ ਗਮ ਦੀ ਘਟਾ ਆ ਘਿਰੇ ਖੁਦਾ ਨਾ ਕਰੇ 
ਇਕ ਵੀ ਹੰਝੂ ਤੇਰੇ ਨੈਣੋਂ ਕਿਰੇ ਖੁਦਾ ਨਾ ਕਰੇ 


ਨਾ ਤੇਰੇ ਜ਼ਖਮ ਸਹੇੜੇ ਤਾਂ ਮੇਰਾ ਦਿਲ ਕਿਸ ਲਈ 
ਜ਼ਰਾ ਖਰਾਸ਼ ਵੀ ਆਏ ਤੇਰੇ ਖੁਦਾ ਨਾ ਕਰੇ 


ਕਦੀ ਇਕੱਲ ਨਾ ਤੇਰੇ ਸ਼ੋਖ ਖਿਆਲੀਂ ਉੱਤਰੇ 
ਇਕ ਵੀ ਪਲ ਲਈ ਤੇਰਾ ਦਿਲ ਓਦਰੇ ਖੁਦਾ ਨਾ ਕਰੇ 


ਨਸੀਬ ਮੇਰਾ ਸਹਾਂ ਬਿੰਗ ਮੈਂ ਗਮ ਕਸਾਈ ਦੇ
ਮੇਰੇ ਹੀ ਵਾਂਗ ਤੇਰਾ ਦਿਲ ਚਿਰੇ ਖੁਦਾ ਨਾ ਕਰੇ 


ਜਿਵੇਂ ਤੂੰ ਮੇਰੇ ਤੋਂ ਬੇਮੁਖ ਹੈ ਹੋਇਓੰ ,ਫੇਰੀ  ਨਜ਼ਰ,
ਤੇਰੇ ਖੁਦਾ ਦੀ ਵੀ ਤੇਥੋਂ ਫਿਰੇ, ਖੁਦਾ ਨਾ ਕਰੇ 


ਮੇਰਾ ਇਹ ਲੇਖ ਸੀ ਮੈਂ ਤਾਂ ਵਿਚਾਲੇ ਡੁੱਬਣਾ ਸੀ
ਤੇਰੀ ਵੀ ਨਾਵ ਨਾ ਲੱਗੇ ਸਿਰੇ ,ਖੁਦਾ ਨਾ ਕਰੇ 

Monday, March 12, 2012

ਗਮ ਮਾਰੂ ਹੈ ਇਸ ਦਾ ਕੋਈ ਕਾਟ,ਤਵੀਤ ਨਹੀਂ


ਏਹੀ ਦੁਨਿਆ ਇਥੇ ਪਿਆਰ ਵਫਾ ਦੀ ਰੀਤ ਨਹੀਂ 
ਮੇਰੇ ਦਿਲ ਛਪਿਆ ਪਰ ਮੇਰਾ ਹੀ ਉਹ ਗੀਤ ਨਹੀਂ


ਹਰ ਚੀਜ਼ ਉੱਤੇ ਹੈ ਵਕਤ-ਗੁਜ਼ਰ ਦੀ ਮੁਹਰ ਲੱਗੀ
ਸਭ ਮੁਕ ਜਾਂਦਾ ਹੈ ਦੁੱਖਾਂ ਨੂੰ ਹੀ ਬੀਤ ਨਹੀਂ 


ਸਭ ਹੱਥ-ਲਕੀਰਾਂ,ਪੱਤਰੀਆਂ ,ਕਿਸਮਤ ਤਾਰੇ
ਬਸ ਧਰਵਾਸੇ ਮੁਸਤਕਬਿਲ ਵਲ ਕੋਈ ਝੀਥ ਨਹੀਂ


ਇਕ ਕਾਲ ਚਕਰ ਸਾਹਾਂ ਦਾ ਆਣਾ ਜਾਣਾ ਸਭ
ਹਾਂ, ਸ਼ੋਰ ਤਾਂ ਹੈ ਧੜਕਣ ਕੋਈ ਸੰਗੀਤ ਨਹੀਂ


ਹੈ ਇਕ ਝਲਾਵਾ ਅੱਖਾਂ ਦਾ ਰੰਗ ,ਰੂਪ, ਹੁਸਨ 
ਇਕ ਮਤਲਬ ਹੈ ਰਿਸ਼ਤੇ ,ਨਾਤੇ, ਕੋਈ ਮੀਤ ਨਹੀਂ


ਫੁਲ ਨੂੰ ਹੀ ਹੈ,ਕੰਡੇ ਨੂੱ ਕੋਈ ਮੌਸਮ ਨਹੀਂ
ਹਰ ਰੁੱਤ ਇੱਕੇ ਦੁਖ ਨੂੰ ਕੁਝ  ਤਾਪ ਨਾ, ਸੀਤ ਨਹੀਂ


ਭੁਲ ਜਾ ਸਭ ਦੋਸਤੀਆਂ ,ਦਾਵੇ,ਕਸਮਾਂ,ਵਾਅਦੇ
ਹਰ ਪੀੜ ਹੈ ਤੈਨੂੰ,ਹੋਰ ਕਿਸੇ ਪ੍ਰਤੀਤ ਨਹੀਂ


ਨਾਂ ਛੱਡਦਾ ਕੁਝ,ਰੱਬਾ ਇਹ ਨਾ ਕਿਸੇ ਨੂੰ ਵੀ ਲੱਗੇ
ਗਮ ਮਾਰੂ ਹੈ ਇਸ ਦਾ ਕੋਈ ਕਾਟ,ਤਵੀਤ ਨਹੀਂ 

Sunday, March 11, 2012

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ




ਦਿਲ ਮੇਰੇ ਦਾ ਆਸ਼ਿਆਂ ਉੱਜੜ ਗਿਆ
ਮੌਸਮੀ ਪੰਛੀ ਬਿਠਾਇਆ ਉੜ ਗਿਆ


ਧੁਰ ਨਸਾਂ ਵਿਚ ਵਿਲਕਦੇ ਮੇਰੇ ਖੂਨ  ਦਾ
ਆਖਿਰੀ ਕਤਰਾ ਅੱਖੀਂ ਨੁੱਚੜ ਗਿਆ


ਇਸ਼ਕ ਦੇ ਨੱਕਾਸ਼ ਦਿਲ ਤੇ ਉਕਰਿਆ
ਜਿੰਨਾ ਤੈਨੂੰ ਮੇਟਿਆ ਉੱਘੜ ਗਿਆ


ਅੱਖ ਭਰ ਤਕ ਲੈਣ ਦਾ ਤੈਨੂੰ ਮੇਰਾ
ਹਿਰਖ ਐਨਾ ? ਕੀ ਹੈ ਤੇਰਾ ਥੁੜ ਗਿਆ


ਸਾਹ ਕਥੂਰੀ ਭਰਦੀਆਂ ਪੌਣਾਂ ਫਿਰਨ
"ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ "*


ਕੀ ਕਰਾਂਗੇ ਦਾਸਤਾਂ ਜੇ  ਹੋ ਗਏ
ਨਾਮ ਤੇਰੇ ਨਾਲ ਮੇਰਾ ਜੁੜ ਗਿਆ


ਨੂਰ ਸਾਰੇ ਆਲਮਾਂ ਦਾ ਮੁਸਕੜੀ
ਬਣ ਤੇਰੀ ,ਬੁੱਲੀਂ ਤੇਰੇ ਸੁਕੜ ਗਿਆ 




*ih line Shiv Bataalwi di hai

Thursday, March 8, 2012

ਔਰਤ-ਦਿਵਸ


ਔਰਤ -ਦਿਵਸ 
---------------
ਉੰਝ ਤੇ ਹੁੰਦਾ ਹੈ
ਹਰੇਕ ਦਿਨ ਹੀ ਉਸ ਲਈ 
ਪੰਘੂੜੇ ਦੇ ਮੌਸਮਾਂ ਤੋਂ
ਸ਼ਮਸਾਨਾਂ ਦੀ ਭੁੱਬਲ ਤੀਕ,
ਇਕ ਇਮਤਿਹਾਨ
ਹਰ ਕਦਮ ਦਾ ਪੁੱਟਣਾ  ;
ਆੜੇ ਆਉਂਦਾ ਹੈ ਕਦੀ 
ਮੁਆਮਲਾ 
ਵੰਸ਼- ਵਿਸਥਾਰ ਦਾ 
ਤੇ ਤਲਫ ਹੁੰਦਾ ਹੈ 
ਹਕ ਹਰ ਮਾਦਾਈ,
ਭਰੂਣ ਜੀਵਾਣ ਤੋਂ ਲੈ ਕੇ 
ਵਿੱਦਿਆ ਵਿਰਾਸਤਾਂ ਤਕ ;
ਮਰਦ ਨਾਲ ਮੁਕ਼ਾਬਲਾ  ਕਦੀ 
ਪੈਰ  ਬਾਹਰ ਰੱਖਣਾ
ਸਵਾਲ ਬਣ ਜਾਂਦਾ ਹੈ 
ਇਜ਼ਤ    ਤੇ  ਅਣਖ ਦਾ ,
ਮੁਸੀਬਤ ਹੋ ਜਾਂਦਾ ਹੇ 
ਹਰ ਕਦਮ ਘਰ ਤੋਂ ਬਾਹਰ ਦਾ 
ਸ਼ਕ਼ ਆਪਣਿਆਂ ਦਾ
ਤੇ ਦੁਨਿਆ ਦਾ ਸ਼ਰ;
ਫਰਜ਼ ਹੈ ਉਸ ਲਈ 
ਹਰ ਹੀ ਰਿਸ਼ਤਾ 
ਮਾਂ, ਭੈਣ ,ਤੇ ਪਤਨੀ ਦਾ
ਮਮਤਾ ਦਾ ਹਕ਼ ਤਕ ;
ਹਾਂ !ਠੀਕ ਹੈ ਇਹ ਦਿਵਸ ਵੀ -
ਯਤਨ ਕੁਝ 
ਸਵੀਕਾਰਤਾ ਦਾ 
ਔਰਤ-ਪਨ ਦੀ ;
ਉੰਝ ਤੇ ਹਰ ਦਿਨ ਹੀ 
ਹੁੰਦਾ ਹੈ ਉਸ ਲਈ
ਔਰਤ-ਦਿਵਸ ---



ਉਹ ਪਾਸ ਸੀ ਤਾਂ ਭੁਲ ਗਿਆ ਸੀ ਧੜਕਨਾ


ਚੇਤਨ ਮੇਰੇ ਨੂੰ  ਇੰਝ ਹੀ ਲਿਖਿਆ ਤੜਪਣਾ
ਅੱਖਾਂ ਦੇ ਖਾਰੇ ਛੰਭ ਵਿਚ ਹੀ ਗਰਕਣਾ


ਵਕ਼ਤਾਂ ਦੇ ਪੈਰੀਂ ਫੇਰ ਬਸ ਕੁਝ ਠੀਕਰਾਂ 
ਜਿੰਦ ਦੇ ਜਦੋਂ ਕੱਚੇ ਘੜੇ ਨੇ ਤਿੜਕਣਾ 


ਹਰ ਸ਼ਾਖ ਤੇ ਉਂਝ ਮੌਲਦੀ ਆਈ ਬਹਾਰ 
ਚਾਹ ਦਾ ਬਿਰਖ ਹੀ ਪੱਤਿਆਂ ਤੋਂ ਸੱਖਣਾ 


ਦਾਵੇ ਮੁਹੱਬਤ ਦੇ ਕਰੇ ਦਿਲ ਬਾਅਦ ਵਿਚ 
ਉਹ ਪਾਸ ਸੀ ਤਾਂ ਭੁਲ ਗਿਆ ਸੀ ਧੜਕਨਾ 


ਕੁਝ ਨ੍ਹੇਰਿਆਂ ਅੱਖਰਾਂ ਚ ਲਿੱਖੀ ਸੀ ਗਈ 
ਤਕ਼ਦੀਰ ਨੂੰ ਨਾਂ ਰਾਸ ਆਇਆ ਚਾਨਣਾ 


ਉਮਰਾਂ ਦੇ ਤੱਤੇ ਮੌਸ੍ਮੀਂ ਦਿਲ ਨੂੰ ਨਸੀਬ 
ਯਾਦਾਂ ਦੇ ਮਾਰੂਥਲ ਪਿਆਸਾ ਭਟਕਣਾ


ਤਲਵਾਰ ਹੱਥੀਂ  ਆਪਣੇ ਲੈ ਆਂਵਦਾ 
ਐਨਾ ਜ਼ਰੂਰੀ ਸੀ ਜੇ ਮੈਨੂੰ ਪਰਖਣਾ 


ਹੁਣ ਏਸ ਉਮਰੇ ਰੱਬ ਨਵੇਂ ਕੀਕਣ ਕਰਾਂ
ਤੇਰੀ ਹੀ ਸਰਦਲ ਤੇ ਹੈ ਮੱਥਾ ਟੇਕਣਾ 

Sunday, March 4, 2012

""ਇਕ ਦਿਨ ਚੜਿਆ ਤੇਰੇ ਰੰਗ ਵਰਗਾ "*



"ਇਕ ਦਿਨ ਚੜਿਆ ਤੇਰੇ ਰੰਗ ਵਰਗਾ "*
ਤੇਰੇ ਗੁੱਟ ਰੰਗੀਲੀ ਵੰਗ ਵਰਗਾ 


ਸਾਨੂੰ ਤੇਰੀ ਗਲੀ ਨਜ਼ਾਰਾ ਹੈ
ਰਾਂਝਣ ਨੂੰ ਹੀਰ ਦੀ ਝੰਗ ਵਰਗਾ 


ਤੇਰੇ ਵੇਖਣ ਦਾ ਚਾ ਸਾਨੂੰ 
ਦੁਲਹਣ ਦੀ ਸ਼ੋਖ ਉਮੰਗ ਵਰਗਾ 


ਜਦ ਦਾ ਤੂੰ ਮੈਥੋਂ ਵਿਛੜ ਗਿਆ 
ਮੈਂ ਟੁੱਟੀ ਡੋਰ ਪਤੰਗ ਵਰਗਾ


ਇਕ ਨਸ਼ਾ ਤੇਰੇ ਦੀਦਾਰਾਂ ਦਾ 
ਹੈ ਪਹਿਲੇ ਜਾਮ ਤਰੰਗ ਵਰਗਾ 


ਤਿਰਛੀ ਤਕਣੀ ਦਾ ਤੀਰ ਆਇਆ 
ਵਿੰਨ੍ਦਾ ਦਿਲ ਤੀਰ ਅਨੰਗ  ਵਰਗਾ 


ਚਾਹ  ਤੇਰੀ   ਕੀਕਣ ਨਾ ਹੋਵੇ
ਦਿਲ ਮੇਰੇ  ਦੀ ਕੁੱਲ ਮੰਗ ਵਰਗਾ 


ਹੰਸਾਂ ਹਿਰਨਾਂ ਦਾ ਤੁਰਨਾ ਵੀ
ਹੈ ਚਾਲ ਤੇਰੀ ਦੇ ਢੰਗ ਵਰਗਾ 


ਪੱਤੇ ਜਦ 'ਵਾ ਦੀ ਸੁਧ ਪਾਈ
ਹੋਇਆ ਵਜਦੀੰ ਮਸਤ ਮਲੰਗ ਵਰਗਾ 


ਹੈ ਅਮਲਤਾਸ ਦਾ ਫੁਲ ਤੇਰੀ
ਗੱਲੀਂ  ਲਲਿਆਰੀ ਸੰਗ ਵਰਗਾ 


ਰਾਂਝਣ ਦੇ ਹੱਥੀਂ ਲੇਖਾਂ ਦਾ
ਹੋਇਆ ਨਕਸ਼ਾ ਕੈਦੋ- ਲੰਗ ਵਰਗਾ 




--------------csmann-030312--


* ih line Shiv Bataalwii saahib di hai