Wednesday, February 29, 2012

ਭਟਕਣਾ


ਤੂੰ ਜਦ ਮਿਲਿਆ ਸੀ
ਤਾਂ ਇਕ ਆਸ ਸੀ
ਕਿ ਜਨਮ-ਜਨਮਾਂਤਰਾਂ ਦੀ ਤਲਾਸ਼
ਜੂੰਨਾਂ ਦੇ ਪੈਂਡੇ ਗਾਹੁੰਦੀ
ਜਦ ਤੇਰੀ ਪ੍ਰੀਤ ਦੀ ਚੌਖਟ ਤੇ
ਹੈ ਆਣ ਰੁਕੀ ਸਹਿਜ ਸੁਭਾਅ ਹੀ
ਤੇ ਤੇਰੀ ਨਜ਼ਰ ਸਵੱਲੀ ਨੇ
ਪਿਆਸੀ ਸ਼ਰਧਾ ਨੂੰ ਮੇਰੀ
ਇਕ ਮਿਹਰ-ਜਾਮਾ ਪਹਿਨਾਇਆ ਸੀ
ਤਾਂ ਮੇਰੇ ਧੁਰ ਅੰਦਰ ਨੇ 
ਮਹਿਸੂਸਿਆ ਸੀ
ਕਿ ਨਿਰਵਾਣ ਹੋ ਜਾਏਗਾ 
ਹੁਣ
ਤੇ ਜਨਮਾਂ ਦੀ ਭਟਕਣਾ
ਤੇਰੇ ਵਿਚ ਮੇਰਾ ਲੀਨ ਹੋ
ਮਿਟ ਜਾਊ ਸਦਾ ਲਈ ਹੀ,
ਜੋਤ ਚ ਜੋਤ ਸਮਾ ਜਾਊ,
ਸ਼ਰਧਾ ਦੀ ਇਹ ਨਿਮਾਣੀ ਬੂੰਦ
ਮਿਹਰਾਂ ਦੇ ਸਾਗਰ ਘੁਲ ਮਿਲ ਕੇ
ਸਾਗਰ ਹੋ ਜਾਊ;
ਪਰ
ਭਰਮ ਸੀ ਮੇਰਾ ਸ਼ਾਇਦ
ਗੰਧਲਾ ਇਕ ਫਰੇਬ
ਮਾਇਆ ਦਾ-
ਇਕ ਨਾ ਹੋਣਾ
ਹੋਣ ਜਿਹਾ ਮੇਰੇ,
ਜਾਗਦੀਆਂ ਅੱਖਾਂ ਦਾ ਸੁਫਨਾ
ਝੜ ਗਿਆ ਜੋ
ਪਲਕ ਝਪਕਦੇ ਹੀ;


ਦੂਰ ਤਕ ਹੁਣ
ਤੇਰਾ ਨਿਸ਼ਾਨ ਨਹੀਂ
ਮੇਰੀਆਂ ਰਾਹਾਂ ਚ-
ਜੂੰਨਾਂ ਦਾ ਸਫਰ ਇਕ
ਨਿਰੰਤਰ 

Monday, February 27, 2012

ਕੋਈ ਗਲ ਕਰ ਕੋਈ ਗੱਲ ਬਣੇ


ਚੁਪ ਬੈਠਿਆਂ ਦਿਲ ਤਾਂ ਸੱਲ ਬਣੇ
ਕੋਈ ਗਲ ਕਰ ਕੋਈ ਗੱਲ ਬਣੇ

ਫਿਰ ਮੇਰਾ ਆੜੀ ਕੌਣ ਬਣੇ
ਜਿਸ ਦੇਖੋ ਤੇਰੇ ਵੱਲ ਬਣੇ

ਇਕ ਕੀਟ-ਪਤੰਗ ਹੈ ਓਦਾਂ ਤਾਂ
ਪਰਵਾਨਾ ਐਪਰ ਜਲ੍ਹ ਬਣੇ

ਬੇਕਾਰ ਉੰਝ ਕਿਣਕਾ ਰੇਤੇ ਦਾ
 ਮੋਤੀ ਸਿੱਪੀ ਵਿਚ ਢੱਲ ਬਣੇ

ਫੁਲ, ਖੁਸ਼ਬੂ, ਊਸ਼ਾ ਤੇ ਤਾਰੇ
ਰੰਗ,ਹੁਸਨ ਤੇਰੀ ਸਭ ਅੱਲ ਬਣੇ

ਤੂੰ ਵੀ ਕੀ ਕਰਦਾ ਜਦ ਮੇਰੇ
ਹੋਈ ਮੁੱਦਤ ਦੁਖ ਅਟੱਲ ਬਣੇ

ਹਰ ਆਲਮ ਵਿਚ ਹੀ ਨੂਰ ਤੇਰਾ
ਸੁਰਗਾਂ ਵਿਚ ਤੇਰੀ ਭੱਲ ਬਣੇ

ਯਾਦਾਂ ਦੇ ਪੱਤੇ ਸਹਲਾ ਗਈ
ਪੱਛੋਂ ਦੀ ਹਵਾ ਜਿਉਂ ਝਲ ਬਣੇ

ਮੈਂ ਪੁੱਠੀ ਵੀ ਲਹੁਆਵਾਂ ਫੇਰ
ਜੇ ਤੇਰੀ ਜੁੱਤੀ ,ਖੱਲ ਬਣੇ

Friday, February 24, 2012


"ਸੋਚਦਾ ਹਾਂ ਮਹਕ ਦੀ ਲਿੱਪੀ 'ਚ ਤੇਰਾ ਨਾਂ ਲਿਖਾਂ"*
ਚੇਤਰਾਂ ਦੀ ਧੁਪ,ਤਪੇ ਹਾੜਾਂ ਦੀ ਠੰਡੀ ਛਾਂ ਲਿਖਾਂ


ਜੀ ਪਵਾਂ ਤੇਰੀ ਅਦਾ ਦੇ ਮਹਕਦੇ ਦੀਦਾਰ ਲਈ
ਤੇਰੀ ਭੋਲੀ ਸਾਦਗੀ ਤੇ 'ਹਾਏ ਮੈਂ ਮਰ ਜਾਂ' ਲਿਖਾਂ


ਸੁਹਣੀਆਂ ਥਾਹਾਂ ਜਗਤ ਵਿਚ ਹਨ ਪਰੇ ਤੋਂ ਵੀ ਪਰੇ
ਜਿੱਥੇ ਤੂੰ ਵਸਦਾ ਏਂ ਉਸ ਹੀ ਨੂੰ ਸੁਹਾਣੀ ਥਾਂ ਲਿਖਾਂ


ਤੇਰੇ ਲਈ ਅਰਪਣ ਕਲਮ ,ਤੇਰੇ ਹੀ ਰੰਗ ਵਿਚ ਬੋਲਦੀ
ਤੂੰ ਮੇਰੇ ਗੀਤਾਂ ਦਾ ਮੁੱਦਾ ਫਿਰ ਜਿਵੇਂ ਚਾਹਵਾਂ ਲਿਖਾਂ


ਤੂੰ ਮੇਰੇ ਕਲ ਦੀ ਦਿਸ਼ਾ,ਤਕਦੀਰ ਬਣਦੀ ਹੋ ਚਲੇਂ
ਅਪਣੇ ਹਥ ਦੀ ਲੇਖਣੀ ਵਿਚ ,ਵਸ ਚਲੇ ਏਦਾਂ ਲਿਖਾਂ


ਕੀ ਕਿਸੇ ਨੁੰ ਅਪਣੀਆਂ ਅੱਗਾਂ 'ਚ ਪੰਨੇ ਫੂਕ ਲਏ
ਜੇਠ ਬਲਦੇ ਰਾਹ ਤੇ ਹੋ ਪਾਏ ਤੇ ਠੰਢੀ ਛਾਂ ਲਿਖਾਂ


ਦਿਲ ਮੇਰੇ ਦੀ ਗੱਲ ਤੇ ਹੁਣ ਕਦ ਦੀ ਪੁਰਾਣੀ ਹੋ ਗਈ
ਗ਼ਮ ਚੁਫੇਰਿਆਂ ਦੇ ਕੁਝ , ਵਕਤਾਂ ਦੀਆਂ ਪੀੜਾਂ ਲਿਖਾਂ


*Dr. Jagtaar di line

Tuesday, February 21, 2012

ਇਸ ਰਾਤ ਬਿਰਹੜੇ ਦੀ, ਦਾ ਕੁਝ ਹਿਸਾਬ ਬਾਕ਼ੀ 
ਦੁਖ ਦੀ ਨਦੀ ਤਾਂ ਟੱਪ ਲਈ,ਅਖ ਦਾ ਝਨਾਬ  ਬਾਕ਼ੀ


ਸੁੰਨ ਰਾਤ ਦੇ ਹੈ ਬੁੱਲੀਂ ਨਗਮਾ ਵੀ ਵੈਣ ਹੋਯਾ
ਸਾਹਾਂ ਦੇ ਸਾਜ ਚੁਪ ਹੁਣ ਆਹ ਦੀ ਰਬਾਬ ਬਾਕ਼ੀ 


ਉੰਝ ਮੇਰੀ ਜਿੰਦੜੀ ਤਾਂ ਕਾਸ਼ਤ ਸੀ ਕੰਡਿਆਂ ਦੀ
ਇਕ ਯਾਦ ਰੰਗ-ਭਰੀ ਦਾ ਖਿੜਦਾ ਗੁਲਾਬ ਬਾਕ਼ੀ 


ਮੌਸਮ ਤੇ ਦਿਲ ਦੇ ਅਜ ਕਲ ਬਸ  ਜੇਠ ਹਾੜ ਰਹਿੰਦੇ 
ਸਾਗਰ ਲਹੂ ਦੇ ਸੁਕ ਗਏ ਅਖ ਦੇ ਤਲਾਬ ਬਾਕ਼ੀ


ਇਕ ਇਕ ਹੈ ਕਰ ਕੇ ਆਖਿਰ ਹਰ ਸੁਖ ਚਿੜੀ ਤਾਂ ਖਾ ਲਈ 
ਰੱਖੀ ਨਜ਼ਰ ਹੈ ਦਿਲ ਤੇ , ਦੁਖ ਦੇ ਉਕ਼ਾਬ ਬਾਕ਼ੀ


ਹੁਣ ਜਾਗਦੀ ਮੇਰੀ ਰਾਤ ਨੀਂਦਾਂ ਨੂੰ ਲਭਦੀ ਹੈ
ਮੇਰੇ ਸੁਤ ਉਨੀਂਦਰੇ ਦਾ ਕੋਈ ਹੈ ਖਾਬ ਬਾਕ਼ੀ 


ਦੁੱਖਾਂ ਨੇ   ਖਾ ਲਈ ਕੁਝ ਗਮ ਝੱਖੜਾਂ ਉੜਾਈ 
ਬਚਿਆ ਨਾ ਏਸ ਜਿੰਦ ਦਾ ਕੁਝ ਵੀ ਜਨਾਬ ਬਾਕ਼ੀ


ਆਏ ਸੀ ਉੱਪਰੋਂ ਥੱਲੇ ਕੁਝ ਵਗ ਹਨੇਰੀਆਂ ਦੇ
ਹੁਣ ਕੋਲ ਢਾਈ ਦਰਿਆ ਇਕ ਗਿਠ ਪੰਜਾਬ ਬਾਕ਼ੀ

Wednesday, February 15, 2012

ਜੇ ਨਹੀਂ ਸੀ ਤਾਂ ਉਹ ਹੀ ਇਕ ਨਾ ਸੀ


ਮੇਰਾ ਦਿਲ ਰੌਸ਼ਨੀ ਤੋਂ ਸਖਣਾ ਸੀ
ਮੁਰਦਘਾਟਾਂ ਦੀ ਇਸ ਨੂੰ ਰਖਣਾ ਸੀ

ਲੇਖ ਦੇ ਨ੍ਹੇਰਿਆਂ ਚ ਸਾਥੀ ਕੋਈ
ਦਿਲ ਦਾ ਦੀਵਾ ਜਗਾਈ ਰਖਣਾ ਸੀ

ਮੈਂ ਨਹੀਂ ਜਾਣਦਾ ਸਜ਼ਾ ਕਾਹਦੀ
ਉਸ  ਦਾ ਦਿੱਤਾ ਸੀ ਦੁਖ, ਮੈਂ ਕਟਣਾ ਸੀ

ਸਾਰੇ ਆਏ ਸੀ ਹਾਲ ਪੁਛਣੇ ਮੇਰਾ
ਜੇ ਨਹੀਂ ਸੀ ਤਾਂ ਉਹ ਹੀ ਇਕ ਨਾ ਸੀ

ਨਾ ਅਲੋਕਾਰ ਮੇਰਾ ਅਫਸਾਨਾ
ਇਕ ਵਫਾਦਾਰੀ, ਦਿਲ ਨੇ ਫੱਟਣਾ ਸੀ

ਤੂੰ ਵੀ ਤਾਂ ਹੋ ਗਿਆ ਸੀ ਹੋਰ ਦਾ ਹੋਰ
ਮੈਂ ਵੀ ਦੁੱਖਾਂ ਦੇ ਨਾਲ ਵਟਣਾ ਸੀ

ਜੇ ਤੂੰ ਦਿਲ ਦਾ ਭਲਾ ਹੀ ਚਾਹੁੰਦਾ ਸੀ
ਇਸ ਨੂੰ ਅੱਖਾਂ ਤੋਂ ਦੂਰ ਰਖਣਾ ਸੀ

ਇਸ ਲਈ ਜੀਂਦਾ ਰਿਹਾ ਮਰ ਕੇ ਵੀ
ਆਪਣੀ ਹੀ ਲਾਸ਼  ਨੂੰ  ਮੈਂ ਚਕਣਾ ਸੀ

ਉਹ ਪੁਰੋਹਿਤ ਸੀ ਪ੍ਰੀਤ ਦਾ, ਪਾਗਲ !
ਜਾਨ ਲੈਣੀ ਹੀ ਉਸ ਦੀ ਦਖਣਾ ਸੀ

ਨਹੀਂ ਬੁਝਣੀ ਬੁਝਾਣ ਤਕ ਤੈਨੂੰ
ਹੁਸਨ -ਤ੍ਰੇਹ ਦੇ ਅਸਰ ਤੋਂ ਬਚਣਾ ਸੀ

ਰੱਬ ਵੀ ਕੀਤਾ ਮਜਾਕ ਮੇਰੇ ਨਾਲ
ਉਹ ਮੇਰਾ, ਪਰ ਨਾ ਮੇਰੇ ਵਸਣਾ ਸੀ

ਜਿੰਨੀ ਦੇਣੀ ਸੀ ਉਸ ਸਣੇ ਦਿੰਦਾ
ਮੈਂ ਕੀ ਬਾਹਲੀ ਉਮਰ ਨੂ ਚਟਣਾ ਸੀ

ਇਹ ਹੀ ਉਮਰਾਂ ਦੀ ਕਾਰੋਬਾਰੀ ਮੇਰੀ
ਮੈਂ ਉਸ ਦੀ ਜ਼ਾਤ ਨੂੰ ਹੀ ਰਟਣਾ ਸੀ

Sunday, February 12, 2012

ਕਾਹਨੂੰ ਅੜਿਆ ਫਿਰ ਦੁਖਦੀ ਰਗ ਛੇੜ ਲਈ


ਬੰਨ ਭੁਲ ਗਈ ਵਿਥਿਆ ਦੀ ਤੰਦ ਉਧੇੜ ਲਈ
ਕਾਹਨੂੰ ਅੜਿਆ ਫਿਰ ਦੁਖਦੀ ਰਗ ਛੇੜ ਲਈ


ਦਿਲ ਵਿਚ ਇਕ ਹੀ ਤਾਂ ਸਾਬਿਤ ਤਸਵੀਰ ਸੀ
ਠੋਕਰ ਖਾਧੇ ਸ਼ੀਸ਼ੇ ਵਾਂਙ ਤਰੇੜ ਲਈ


ਇਸ ਦੇ ਨਾਲ ਹੀ ਅੱਗੇ ਤੁਰਿਆਂ ਠੀਕ ਹੈ
ਵਕਤ-ਚਕਰ ਦੀ ਤੂੰ ਪੁੱਠੀ ਗੇੜੀ ਗੇੜ ਲਈ


ਕੀ ਮਿਲਿਆ ਧਰਮਾਂ ਦੀ ਬਾਂਦਰ-ਵੰਡ ਵਿੱਚੋਂ
ਮਾਸ ਨੌਹਾਂ ਦੀ ਜੱਦੀ ਸਾਂਝ ਨਿਖੇੜ ਲਈ


ਦਿਲ-ਖਾਣੀ ਡਾਢੀ ਬੇਦਰਦ ਚੁੜੇਲ ਹੈ ਇਹ
ਤਾਂਘ-ਤ੍ਰੇਹ ਦਸ ਕਿਸ ਲਈ ਅੱਖ ਚੰਬੇੜ ਲਈ


ਕੀ ਲੈਣਾ ਤੂੰ ਸਾਡੇ ਹਾਲ-ਬੇਹਾਲ ਤੋਂ
ਸੁਲਝ ਅਪਣੀ ਛਡ ਸਾਡੀ ਅਸਾਂ ਨਿਬੇੜ ਲਈ


ਗੈਰ ਬਖੇੜੇ ਤੂੰ ਕੀ ਕੱਢਣਾ ਪਾਉਣਾ ਸੀ
ਉਲ੍ਹਝ ਪਰਾਈ ਆਪਣੀ ਪਗ ਲਬੇੜ ਲਈ


ਚਾਦਰ ਵੇਖ ਕੇ ਪੈਰ ਪਸਾਰਨਾ ਚੰਗਾ ਹੈ
ਲੋੜ ਪਏ ਤੇ ਅਪਣੀ ਲੋੜ ਸੁਕੇੜ ਲਈ


ਖਬਰ ਨਹੀਂ ਕਦ ਉਸ ਦੇ ਨੈਣੋਂ ਉਤਰਿਆ 
ਕਦ ਉਸ ਆਪਣੇ ਦਿਲ ਦੀ ਬਾਰੀ ਭੇੜ ਲਈ


ਅੰਤ ਔਕਾਤ ਤੇਰੀ ਉਸ ਨੇ ਦਿੱਤੀ ਵਿਖਲਾ
ਰਖ ਲੈਣੀ ਸੀ ਥੋੜੀ ਰੈਲ੍ਹ ਚਪੇੜ ਲਈ

Saturday, February 11, 2012

ਆਪਣੇ ਮਥੇ ਲਿਖਾ ਲਿਆ ਤੈਨੂੰ


ਰੂਹ ਦੀ  ਮੈਂ ਰੂਹ ਬਣਾ ਲਿਆ ਤੈਨੂੰ 
ਦਿਲ ਦੇ ਵਿਚ ਰਖ ਲੁਕਾ  ਲਿਆ  ਤੈਨੂੰ


ਜਿੰਦ ਤਾਂ ਪਹਲਾਂ ਹੀ ਪੀੜ ਨੂੰ ਮਣਸੀ 
ਉੱਤੋਂ ਪੀੜਾ, ਗਵਾ ਲਿਆ ਤੈਨੂੰ 


ਦੀਦ ਤੇਰੀ ਘੜੀ ਮੁੜੀ ਮੰਗਦੇ 
ਨੈਣਾਂ ਭੁਖਿਆਂ ਨੇ ਖਾ ਲਿਆ ਮੈਨੂੰ 


ਉੰਝ ਵੀ ਰੁੱਸੀ ਰਹੀ ਇਹ ਮੇਰੇ ਤੋਂ
ਭੈੜੀ ਕਿਸਮਤ ਰੁਸਾ ਲਿਆ ਤੈਨੂੰ 


ਇਸ਼ਟ ਦਾ ਇਸ਼ਟ ਹੈ ਹੁਸਨ ਤੇਰਾ
ਜੰਨ੍ਤਾਂ ਸਿਰ ਨਿਵਾ ਲਿਆ ਤੈਨੂੰ 


ਪੀੜ ਛਡ ਜਦ ਤੂੰ ਸਭ ਲੁਟਾ ਦਿੱਤਾ 
ਆਪਣੇ ਮਥੇ ਲਿਖਾ ਲਿਆ ਤੈਨੂੰ


ਵਕਤ ਸੀ ਮਿਹਰਬਾਨ ਤੇ ਤੂੰ ਵੀ 
ਫੇਰ ਆ ਲੈ ਗਿਆ ਚੁਰਾ ਤੈਨੂੰ


ਤੂੰ ਹੀ ਦਿਨ ਸੁਦ ਤੇ ਮੇਰਾ ਉਤਸਵ ਵੀ
ਦਿਨ, ਜੋ ਹੋਵੇ, ਮਨਾ ਲਿਆ ਤੈਨੂੰ
ਹੋਰ ਕਿਸ ਨੂੰ ,ਜੋ ਰਬ ਹੀ ਥਾਪ ਲਿਆ
ਲੋੜ ਜਦ ਵੀ ਧਿਆ ਲਿਆ ਤੈਨੂੰ 


ਮੇਰਾ ਰਬ ਮਰ ਗਿਆ ਬਣਾ ਮੈਨੂੰ
ਦਿਲ ਨੂੰ ਹਕ ,ਰਬ ਬਣਾ ਲਿਆ ਤੈਨੂੰ


ਮੁਕ ਜਾਵੇ ਜਨਮ ਜਨਮ ਦਾ ਹਿਸਾਬ 
ਲਵਾਂ ਅਜਲਾਂ ਤ੍ਯੀਂ ਲਿਖਾ ਤੈਨੂੰ 

रात कटी गिन तारा तारा


रात कटी गिन तारा तारा
बर्हम दिल का आलम सारा


तेज़ लिये दन्दान-ए-इश्तहा
मूँह खोले बैठा अँधिआरा


दर्द इश्क़ का मीठा मीठा
पर यादों का पानी ख़ारा


साकित अहद-ओ-तहय्या-ए-ज़ीस्त
तेज़ बहाव वक़्त का धारा


अक़्स तेरा साबित है बस इक
आइना-ए-दिल पारा पारा


शोर-ए-बग़ावत आह-ओ-फ़ुगानी
अश्क़ हरासाँ आँख का नारा


तूफ़ानों के मन्ज़र-नामे
खसता-कश्ती दूर किनारा


ज़ख़्मों का दर्मां हो जाए
तलब रही और ना ही चारा


दुनिया फ़ुज़ला-ओ-फ़राबानी
तू जो नहीं कुछ नहीं हमारा


पहलू बैठ ख़ून-ओ-ख़ूँ रोए
और करे का दिल बेचारा

Wednesday, February 8, 2012

आज तू फिर उदास है शायद


हर सू हुज़न-ओ-हरास है शायद
आज तू फिर उदास है शायद


गुल पे रंग-ए-शबाब उतरा है
तू कहीं आस पास है शायद


सुब्ह भी धुन्दलकों में डूबी हुई
तेरे दुख से शनास है शायद


यह जो रंग और बू बहारों में
तुझ से ही इक्तबास है शायद


तेरे ओठों पे धनक की रंगत
अब्र का इल्तमास है शायद


रक्स पत्तों में तेरे आने से
कुछ हवा का हुलास है शायद


अपने ही खून में है डूबी हूई
आंख महव-ए-पियास है शायद


हवा मजनूं की तरह सर-गरदां
अदम-होश-ओ-हवास है शायदਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ ਆ ਜਾਵੇ


ਪਲਕ ਤੇ ਦੋਸਤਾ ਹੰਝੂ ਤੇ ਬੁੱਲੀਂ ਵੈਣ ਆ ਜਾਵੇ
ਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ  ਆ ਜਾਵੇ


ਮੇਰੀ ਤੂੰ ਜਾਨ ਦੇ ਹੁੰਦੇ, ਤੂੰ ਮੇਰੀ ਜਾਨ ਆ ਮਿਲ ਜਾ
ਭਰੋਸਾ ਮੌਤ ਦਾ ਕੀ ਹੈ ਕਦੋਂ ਵੀ ਲੈਣ  ਆ ਜਾਵੇ


ਸ਼ਰਾਬਾਂ ਦਾ ਹੀ ਪੀ ਲੈਣਾ ਨਹੀ ਸੌਦਾ ਖੁਮਾਰੀ ਦਾ
ਤੂੰ ਜੇਕਰ ਸਾਹਮਣੇ ਹੋਵੇਂ ਵਜਦ ਵਿਚ ਨੈਣ  ਆ ਜਾਵੇ


ਸਦਾ ਤੋਂ ਤੈਨੂੰ ਅਰਪਣ ਹੈ ,ਤੇਰਾ ਹੀ ਆਣ ਕੇ ਲੈ ਜਾ
ਮਤਾ ਦਿਲ ਖਾਣ ਨੂੰ ਮੇਰੇ ਹਿਜਰ ਦੀ ਡੈਣ  ਆ ਜਾਵੇ


ਹਵਾ ਬਣ ਰੋਕ ਜਾ ਆ ਕੇ ਝੜੀ   ਨੈਣਾਂ ਦੀ ਲੱਗੀ ਨੂੰ
ਸਲ੍ਹਾਬੀ ਕੰਧ ਨੂੰ ਜਿੰਦ ਦੀ ਨਾ ਪਹਿਲਾਂ ਢੈਣ  ਆ ਜਾਵੇ


ਸਫਲ ਤਾਂ ਜੀਵਣਾ ਮੇਰਾ ਮੁਬਾਰਕ ਮਰਨਾ ਹੋ ਜਾਵੇ
ਵਿਸਾਲਾਂ ਤੋਂ ਜੇ ਪਹਿਲਾਂ ਵਸਲ ਦੀ ਇਕ ਰੈਣ ਆ ਜਾਵੇ 

Tuesday, February 7, 2012

ਉੰਝ ਹੋਰ ਬਹੁਤ ਮੇਰਾ ,ਉਹ ਮੇਰਾ ਹੀ ਇਕ ਨਾ ਸੀ


ਸੂਰਜ ਮੇਰੇ ਗਗਨ ਦਾ , ਸਵੇਰਾ ਹੀ ਇਕ ਨਾ ਸੀ
ਉੰਝ ਹੋਰ ਬਹੁਤ ਮੇਰਾ ,ਉਹ ਮੇਰਾ ਹੀ ਇਕ ਨਾ ਸੀ


ਜੀਵਨ ਤਾਂ ਇਕ ਜ਼ਹਰ ਸੀ ਮਰ ਮਰ ਵੀ ਪੀ ਲਿਆ
ਮਰ ਜਾਂਦਾ ਪੀ ਇਕ ਵਾਰ ਹੀ , ਜੇਰਾ ਹੀ ਇਕ ਨਾ ਸੀ


ਦਿਲ ਕਿਉਂ ਨਾ ਦਹਲ ਜਾਂਵਦਾ ਰਾਤਾਂ ਦੇ ਉਤਰਿਆਂ
ਯਾਦਾਂ ਵੀ ਆਣ ਢੁਕੀਆਂ, ਹਨੇਰਾ ਹੀ ਇਕ ਨਾ ਸੀ


ਜ਼ਖਮਾਂ ਥੀਂ ਤੇਥੋਂ ਆਸ ਸੀ,ਸੀਨਾ ਫਰੋਲਿਆਂ
ਹਰ ਇਕ ਦੇ ਨਾਂ ਦਾ ਤੀਰ ਸੀ, ਤੇਰਾ ਹੀ ਇਕ ਨਾ ਸੀ


ਕੁਝ ਚੋਟਾਂ ਗੁੱਝੀਆਂ ਕਈ ਬੇਲਾਗ ਠੋਕਰਾਂ
ਕੰਡੇ ਜੀਂ ਸਿੱਧਾ ਖੁੱਭਦਾ,ਤਿਖੇਰਾ ਹੀ ਇਕ ਨਾ ਸੀ


ਸਾਗਰ ਦੁਖਾਂ ਦੇ ਸ਼ਿਵ ਜਿਉਂ ਸੰਘ ਥੀਂ ਉਤਾਰ ਲਏ
ਜੀਵਨ ਦਾ ਜ਼ਹਰੀ ਨਾਗ , ਸਪੇਰਾ ਹੀ ਇਕ ਨਾ ਸੀ


ਛਾਲੇ ਸੀ ਪੈਰੀਂ ਰਿਸਦੇ ਤੇ ਭਖੜੇ ਵਿਛੇ ਹੋਏ
ਫੁਲ ਪੱਤੀਆਂ ਦਾ ਰਾਹਾਂ 'ਚ ਕੇਰਾ ਹੀ ਇਕ ਨਾ ਸੀ


ਹਥਾਂ ਨੂੰ ਦਰਦ ਬੇੜੀਆਂ ਪੈਰਾਂ ਨੂੰ ਸੰਗਲਾਂ
ਵਸਲਾਂ ਨੂੰ ਮੇਰੇ ਬਾਹਾਂ ਦਾ ਘੇਰਾ ਹੀ ਇਕ ਨਾ ਸੀ

ਸਲਾਭੀ ਗਈ ਅੱਖ


ਇਕ ਸੌਣ ਦਾ ਮਹੀਨਾ
ਦਿਲੀਂ ਹਿਜਰਾਂ ਦੀ ਸਥ
ਮੋਰ ਕੁਰਲਾਂਦੇ ਬਾਗੀਂ
ਤੇ ਦੁਹਾਈ ਦੇਣ ਪੱਤ
ਵੈਣ ਬਦਲੀ ਦੇ ਵੇਖਦੇ
ਸਲਾਭੀ ਗਈ ਅੱਖ


ਮੋਨ ਛੱਜਿਆਂ ਦੇ ਉੱਤੇ
ਮਦ ਕਿਣੀਆਂ ਦੀ ਡਗ
ਨਮ ਫਿਜ਼ਾ ਦਹਲਾਉਂਦੀ
ਦਿਲ ਚੀਰ ਦੇਣੀ ਸਦ
ਅੱਖ ਚੋਂਦੀ ਜਿਵੇਂ ਕਿਸੇ
ਹੈ ਗਰੀਬੜੇ ਦੀ ਛੱਤ


ਬੁੱਲਾਂ ਉਮਰ ਗੁਜ਼ਾਰੀ
ਤੇਰਾ ਨਾਮ ਜਪਵਾਂਦੇ
ਰਬ ਵੀ ਹੈ ਮਿਲ ਜਾਂਦਾ
ਖੋਰੇ ਐਨਾ ਜੇ ਧਿਆਂਦੇ
ਕਿਸੀ ਕੰਮ ਵੀ ਨਾ ਆਏ
ਸਾਡੇ ਦੀਦਿਆਂ ਦੇ ਤਪ


ਕੀੜਾ ਅੱਡੀ ਸੁੰਘ ਜਾਵੇ
ਹੋਰ ਯਤਨ ਬਥੇਰੇ
ਕੋਈ ਝਾੜ-ਪੂੰਝ ਕਰੋ
ਕਿਸ ਕੰਮ ਲਈ ਸਪੇਰੇ
ਕੌਣ ਬਚਦਾ ਹੈ ਕੱਟੇ
ਜਿਹਨੂੰ ਇਸ਼ਕੇ ਦਾ ਸਪ


ਕੋਨੇ ਬੈਠ ਅਜ ਰੋਵੇ
ਸਜੀ-ਧਜੀ ਮੁਟਿਆਰ
ਗੱਲ਼ੀਂ ਨਕ਼ਸ਼ੇ ਬਣੌਂਦੀ
ਡੁਲ਼ ਕਜਲੇ ਦੀ ਧਾਰ
ਅੱਖੀਂ ਨੇਰੇ ਹੈ ਫੈਲਾ ਗਈ
ਪਾਈ ਸੁਰਮੇ ਦੀ ਲਪ

Sunday, February 5, 2012

ਹੁਣ ਰੁਆਂਦਾ ਨਹੀਂ ਤੇਰਾ ਗ਼ਮ ਵੀ


ਜ਼ਿੰਦਗੀ ਇਕ ਵਿਰਾਨ ਗੁਲਸ਼ਨ ਵੀ
ਉਸ ਤੇ ਦਿਲ ਦਾ ਉਦਾਸ ਮੌਸਮ ਵੀ


ਹੈ ਬੁਰੀ ਹਾਰ ਦੀ ਗਿਲਾਨੀ ਇਕ
ਉੱਚਾ ਝੁਲਦਾ ਹੈ ਪੀੜ-ਪਰਚਮ ਵੀ


ਸੁਰ ਹੋਏ ਵੈਣ-ਆਜ਼ਮਾਂਦੇ ਲਫ਼ਜ਼
ਤਾਲ ਹੋਈ ਹੈ ਦਰਦ-ਸਰਗਮ ਵੀ


ਘੁਪ ਹਨੇਰਾ ਕਿ ਛਾ ਰਿਹਾ ਜੀਅ ਤੇ
ਨਾ ਉਜਾਲੇ ਨੂੰ ਹੀ ਹੈ ਕ਼ਾਇਮ ਵੀ


ਇਕ ਨ ਅੰਮ੍ਰਿਤ ਦੀ ਬੂੰਦ ਮੈਨੂੰ ਜੁੜੀ
ਨੈਣ ਵਸਦੇ ਰਹੇ ਨੇ ਛਮ ਛਮ ਵੀ 


ਉਹੀ ਉਸ ਦੇ ਖਿਲਾਫ ਮੇਰਾ ਗਵਾਹ
ਜੋ ਮੇਰੇ ਕ਼ਤਲ ਦਾ ਹੈ ਮੁਲਜ਼ਿਮ ਵੀ


ਮੇਰੇ ਚੰਦ-ਤਾਰੇ ਖਾ ਗਿਆ ਪੂਰਬ
ਪਹੁੰਚਿਆ ਸੂਰਜਾਂ ਨੂੰ ਪੱਛਮ ਵੀ


ਖਾਲੀ ਖਾਲੀ ਨ ਨੈਣ ਫੇਰ ਕੀ ਹੋਣ
ਤੋਟ,ਤੇ ਹੈ ਵੀ ਤੇਰੀ, ਹਰਦਮ ਵੀ


ਆਲ੍ਹਣੇ ਬੋਟ  ਨੂੰ ਰਿਝਾਉਂਦਾ ਹੈ
ਸ਼ਾਮੀ ਮੁੜਦੇ ਪਰਾਂ ਦਾ ਊਧਮ ਵੀ


ਆਸ਼ਿਆਨੇ ਜਲ੍ਹਾਵੇ ਬਣ ਬਿਜਲੀ
ਪਰ ਹੈ ਬੱਦਲ ਦੀ ਅੱਖ ਪੁਰ-ਨਮ ਵੀ


ਹਾਦਿਸੇ ਹੋਰ ਦੇ ਕਲਮ ਨੂੰ ਮੇਰੀ
ਹੁਣ ਰੁਆਂਦਾ ਨਹੀਂ ਤੇਰਾ ਗ਼ਮ ਵੀ

Saturday, February 4, 2012

"मैं जानता हूँ वो जो लिखेंगे जवाब में "कुछ तो जुनूँ में काट  ली  कुछ इज़्तराब में
हम ने तो उम्र कर ली है डूबे यूँ   ख्वाब में

मालूम खूब उस का हरिक लहजा-ए- चलन
"मैं जानता हूँ वो जो लिखेंगे जवाब में "

हर हिर्स-ओ-हव्स ग़ायब लेकिन थी यह रही
इक तेरी जुस्तजू दिल-ए-खाना-खराब में

कुछ सह्र पानियों में कि अंजाम-बर हुआ
हर आशिकी  का   क़िस्सा ही आखिर चनाब में

तुझ से अलग हो साहिब बू को मजाल क्या
ग़ुल को भी हम ने जाना तो रंग-ए-जनाब में

वह ही सरूर-ए-वजदां है मस्ती भी एक ही
चश्म-ए-ख़ूमार में जो न क्या है शराब में

यूँ ही नहीं है नग़्मः-ए-बुल्बुल जनून-पेशा
ख़ून-ए-जिगर भी इसका  कहीं इस हिसाब में 

Friday, February 3, 2012

जो भला करता है कब उसका बुरा होता है


" मुद्दई लाख बुरा चाहे तो क्या होता है "*
जो भला करता है कब उसका बुरा होता है


हैफ दिल पर कि उसी को ही पढे जाए है
जो न हाथों की लकीरों में लिखा होता है


मायल-ए-ख़ुदकुशी दहकान हो तो क्यों न मगर
और भी फ़स्ल उठे क़र्ज़ बढा होता है


उस के आने पे ठहर जाता है दो पल के लिए
जाए तो दर्द मगर और सिवा होता है


देर देखा है कि मजनूँ को खढे नब्ज़-ब-कफ़
इश्क सुनते थे कि इक रोग लगा होता है


गो रिआज़ी में सही मनफी से मनफी को जमा
जो बुरा चाहे बुरा कब कि भला होता है


इक नुमाइश है यूँ आसार-ए-क़दीमा मानिन्द
दिल तो जब है कि कोई इस में वसा होता है


* tarahi misra

Wednesday, February 1, 2012

ਬੇਕਾਰ ਖਿਆਲਾਂ ਦਾ ਜੀਣਾ


ਇਕ ਸੁਤ-ਉਣੀਂਦੇ ਦਾ ਥੀਣਾ
ਬੇਕਾਰ ਖਿਆਲਾਂ ਦਾ ਜੀਣਾ


ਜਦ ਅੱਖ ਖੁਮਾਰੀ ਸਾਕੀ ਦੀ
ਫਿਰ ਕੁਫਰ ਸ਼ਰਾਬਾਂ ਦਾ ਪੀਣਾ


ਕੀ ਕੰਮ ਪਾਟਾ ਲੀੜਾ ਦਿਲ ਦਾ
ਚਲ ਛਡ ਪਰਾਂ ਹੁਣ ਕੀ ਸੀਣਾ


ਨਹੀਂ ਰਾਹਾਂ ਵਿਚ  ਸੰਗੀਤ ਮੇਰੇ
ਬਸ ਆਹਾਂ ਦੀ ਬੇਸੁਰ ਵੀਣਾ


ਕੰਡੇ ਦਿਲ ਦੇ ਨੂੰ ਢਕ ਰੱਖਿਆ
ਮਤ ਵੇਖ ਫੁੱਲਾਂ ਦਾ ਮੁਸਕੀਣਾ


ਕੀ ਲੋੜ ਕਿਸੀ ਏਹੇ ਰੱਬ ਦੀ
ਅੱਖੋਂ  ਅੰਨ੍ਹਾ ਕੰਨੋਂ ਹੀਣਾ 


ਇਹ ਪ੍ਰੀਤ ਨਹੀਂ ਮੁਕਦੀ ਮਰਨੇ
ਹੈ ਉਮਰਾਂ ਦਾ ਗਿੱਲਾ ਪੀਹਣਾ


ਅਸਾਂ ਸੀਨੇ ਵਿਚ ਵਸਾ ਰੱਖਿਆ
ਡਾਢਾ ਦਿਲਦਾਰ ਲਹੂ-ਪੀਣਾ