Wednesday, July 18, 2012

talkhyaan

ਮਿਲਣ ਦਾ ਕਦ ਸੀ
ਸਵਾਲ ਵੀ,
ਕਿ ਇਕ ਆਸ ਵੀ ਨਹੀਂ ਸੀ
ਸੱਚੀ
ਵਸਲ ਦੀ ਕਦੀ;
ਚਲ ਹੁਣ
ਛੱਡ ਦੇਂਦਾ ਹਾਂ
ਝੂਠੀ ਵੀ ਜੇ ਸੀ
ਕੋਈ
--------------------
ਸੰਭਾਲ ਲਿਆ ਮੈਂ ਹੁਣ ਤੈਨੂੰ
ਓਸ ਥਾਂ
ਅੰਤਰ ਦੀ ਮੇਰੇ
ਜੋ ਨਹੀਂ ਮਿਟਣੀ
ਹਸਤੀ ਦੇ ਮਿਟ ਜਾਣ ਤੇ ਵੀ
ਮੇਰੀ;
ਬੋਲ ਚਾਹੇ ਹੁਣ ਤੂੰ
ਮੇਰੇ ਨਾਲ
ਜਾਂ ਨਾ ਬੋਲ,
ਵੱਖ ਨਹੀਂ ਤੂੰ
ਮੇਰੇ ਤੋਂ
ਚਾਨਣੀ ਨਹੀਂ ਜਿਵੇਂ
ਹਨੇਰੇ ਤੋਂ
ਰਾਤ ਦੇ-
ਲੋਅ ਤੂੰ ਮੇਰੀ
-------------------------
ਕੁਝ ਨਹੀਂ ਹੁੰਦਾ ਸ਼ਇਦ
ਰਿਸ਼ਤਾ
ਦੁੱਖ ਦਾ ਵੀ,
ਪਰ
ਜਾਣ ਲਈਂ
ਕਿ ਜਾਣ ਲਵਾਂਗਾ
ਗਮ ਦਾ,ਉਦਾਸੀ ਦਾ
ਜਦ ਵੀ ਹੋਵੇਗਾ
ਬੋਝ
ਦਿਲ ਤੇ ਤੇਰੇ;
ਤੇ
ਪਤਾ ਹੈ
ਤੈਨੂੰ ਵੀ ਪਤਾ
ਖਿਲਰੇ ਵਰਕਿਆਂ ਦਾ
ਦਿਲ ਦੇ
ਮੇਰੇ
-----------------

Thursday, July 5, 2012

ਪਹਿਲੇ ਚੁੰਮਣ ਤਰੀਕ ਅੱਜ ਤਕ ਵੀ


ਪਹਿਲੇ ਚੁੰਮਣ ਤਰੀਕ ਅੱਜ ਤਕ ਵੀ
ਦਿਲ ਤੇ ਰੱਖੀ ਉਲੀਕ ਅੱਜ ਤਕ ਵੀ


ਗੋਰੀ ਧੁਪ ਵਿਚ ਧੁਆ ਕੇ ਰੱਖੀ ਹੈ
ਮੇਰੀ ਅੱਖ ਨੇ ਉਡੀਕ ਅੱਜ ਤਕ ਵੀ


ਤੇਰੀ ਗਫ਼ਲਤ ਦੀ ਪਾਈ ਰੂਹ ਤੇ ਮੇਰੀ
ਪੀਢੀ ਚੁਭਦੀ ਹੈ ਚ੍ਹੀਕ ਅੱਜ ਤਕ ਵੀ


ਯਾਦ ਤੇਰੀ ਹੈ ਕੰਡਾ ਬਣ ਕੇ ਰਹੀ
ਮੇਰੇ ਸਾਹੀਂ ਸ਼ਰੀਕ ਅੱਜ ਤਕ ਵੀ


ਕੁਝ ਕੁ ਆਹਾਂ ਤੇ ਸੈਆਂ ਗਮ ਦੁਖੜੇ
ਮੇਰੇ ਦਿਲ ਦੀ ਵਟੀਕ ਅੱਜ ਤਕ ਵੀ


ਦਰਦ ਦਫਤਰ ਤੇ ਦੁਖ ਕਿਤਾਬਾਂ ਦੀ
ਜਿੰਦ ਹੈ ਮੇਰੀ ਸਟੀਕ ਅੱਜ ਤਕ ਵੀ


ਦਬ ਲਈ ਸੀ ਜੋ ਤੇਰੇ ਜਾਣੇ ਵਕਤ
ਗੂੰਜਦੀ ਰੂਹ ਚ ਚੀਕ ਅੱਜ ਤਕ ਵੀ