Monday, May 28, 2012

ਮੈਂ ਵੀ ਬੰਦਾ ਤੇਰਾ ਖ਼ੁਦਾ ਸਾਹਿਬ


ਐਨਾ ਕੀ ਵਿਤਕਰਾ ਖ਼ੁਦਾ ਸਾਹਿਬ
ਮੈਂ ਵੀ ਬੰਦਾ ਤੇਰਾ ਖ਼ੁਦਾ ਸਾਹਿਬ


ਕੀ ਇਹ ਹਰ ਦਮ ਰੁਆਵਣਾ ਮੈਨੂੰ
ਹਸ ਲਵਾਂ ਕੀ ਬੁਰਾ ਖ਼ੁਦਾ ਸਾਹਿਬ


ਦਿਲ ਵੀ ਦੇਵੇਂ ਤੇ ਫੇਰ ਕੋਂਹਦਾ ਰਹੇਂ
ਤੂੰ ਬੜਾ ਔਂਤਰਾ ਖ਼ੁਦਾ ਸਾਹਿਬ


ਹਾਂ ਤੂੰ ਮਾਲਿਕ ਤੁੰ ਕੁਝ ਵੀ ਕਰ ਸਕਦੈਂ
ਮੈਨੂੰ ਕੀ ਆਸਰਾ ਖ਼ੁਦਾ ਸਾਹਿਬ


ਦਿਲ ਤੇ ਲਿਖ ਕੇ ਤੇ ਹੱਥੋਂ ਮੇਟ ਦਏਂ
ਕੋਈ ਤੂੰ ਮਸਖਰਾ ਖ਼ੁਦਾ ਸਾਹਿਬ

 
ਖਰੀਆਂ ਖਰੀਆਂ ਸੁਣਾਊਂਗਾ ਤੈਨੂੰ
ਹੋਊ ਜਦ ਟਾਕਰਾ ਖ਼ੁਦਾ ਸਾਹਿਬ


ਦੇਈ ਚਲ ਹੋਰ ਗ਼ਮ ਉਠਾ ਲਉਂਗਾ
ਦਸ ਤਾਂ ਪਰ ਕਿਸ ਤਰਾਂ ਖ਼ੁਦਾ ਸਾਹਿਬ


ਰਾਮ ਮੂੰਹੋਂ ਤੂੰ ਸ਼ੱਕ ਨਹੀਂ ਮੈਨੂੰ
ਮੇਰੀ ਪਿੱਠ ਹੀ ਛੁਰਾ ਖ਼ੁਦਾ ਸਾਹਿਬ


ਚਲ ਮੈਂ ਆਸ਼ਿਕ ਸਹੀ,ਸ਼ੁਦਾਈ ਸਹੀ
ਤੂੰ ਕੀ ਘਟ ਸਿਰ-ਫਿਰਾ ਖ਼ੁਦਾ ਸਾਹਿਬ

Thursday, May 24, 2012

os nu
jo chalaa giya
lekin hai
meri ruuh andar hi--------
---

ਯਾਦ ਹੈ ਮੈਨੂੰ ਉਹ ਦਿਨ
ਜਿਸ ਦਿਨ
ਚਾਨਣ ਤੇਰੇ ਦਾ ਘੁਟ ਭਰਿਆ ਸੀ
ਤੇ ਦਿਲ ਦਾ ਵਿਹੜਾ ਠਰਿਆ ਸੀ
ਸਿਖਰ ਦੁਪਹਿਰੇ ਦਾ ਸੂਰਜ
ਤਨ ਮੇਰੇ ਤੋਂ ਵਖ ਹੋ ਕੇ
ਕਿਸੀ ਹਿੰਮ ਚੋਟੀ ਤੇ ਵਰ੍ਹਿਆ ਸੀ;

ਉਸ ਦਿਨ ਮਨ ਦੇ ਸੁੱਕੇ ਬਾਗੀਂ
ਇਛਰਾਂ ਦੇ ਪੂਰਨ ਦੇ ਵਾਂਙਣ
ਕਲੀਆਂ ਨੇ ਅਲਖ ਜਗਾਈ ਸੀ
ਤੇ ਰੰਗਾਂ ਦੀ ਰੁਤ ਆਈ ਸੀ,
ਓਸ ਬਹਾਰ ਨੂੰ ਹੁਣ ਮੈਂ
ਦਸ ਕਿਹੜੀ ਕੀਲੀ ਟੰਗ ਦਿਆਂ
ਦਿਲ ਦੀ ਕਿਹੜੀ ਨੁਕਰ ਦੀ
ਨ੍ਹੇਰ ਗੁਫਾ ਵਿਚ ਰੱਖ ਦਿਆਂ
ਜਾਂ ਟਾਹਣੀ ਟਾਹਣੀ ਪੱਛ ਦਿਆ
ਫੁਲਾਂ ਨੂੰ ਕੀਂਕਣ ਭੱਸ ਦਿਆਂ;

ਜ਼ਰਦ ਕਿਸੀ ਪੱਤੇ ਦੇ ਓਹਲੇ
ਲੁਕ ਜਾਣਾ ਮੈਂ
ਹਾਂ,
ਹੁਣ ਉਠ ਜਾਣਾ ਮੈਂ,
ਓਸ ਦਿਵਸ ਦੀ ਬਰਸੀ ਤੇ
ਮੈਂ ਮੁਕ ਜਾਣਾ

Wednesday, May 23, 2012


ਸੁਬਹ ਚੜਨਾ ਤੇ ਸ਼ਾਮ ਡੁੱਬ ਜਾਣਾ
ਏਹੀ ਸੂਰਜ ਦਾ ਜ਼ਿੰਦਗੀਨਾਮਾ

ਨਿੰਮੋਝੂਣੇ ਸਿਤਾਰੇ- ਪਤ ਵੇਖਣ 
ਰਾਤ ਟਹਿਣੀ ਤੇ ਚੰਨ ਦਾ ਮੁਰਝਾਣਾ

ਤੇਰਾ ਸੀ ਨਾ ਹੀ ਮੇਰਾ ਵਿਛੜਨ ਦਾ
ਕੋਈ ਰੱਬ ਹੈ ਸੀ ਜੇਸ ਦਾ ਭਾਣਾ

ਹੋਰ ਰਬ ਕੀ ਸਜਾ ਲਈ ਜੰਨਤ
ਕਰਕੇ ਦਿਲ ਤੇਰਾ ਮੇਰਾ ਵੀਰਾਨਾ

ਇਹ ਵੀ ਧਰਮਾਂ ਦੇ ਦੇਸ ਦਾ ਖਾਸਾ
ਸੌਂਦਾ ਇਕ ਵਰਗ ਹੀ ਭੁੱਖਣਭਾਣਾ

ਹੁਣ ਤਾਂ ਅੰਬਾਨੀਆਂ ਹਵਾ ਵੀ ਮੱਲੀ
ਕਦੋਂ ਤਕ ਗੁਰਬਤਾਂ ਨੂੰ ਸਾਹ ਆਉਣਾ

ਲਾਟ ਹਰ ਇਕ ਮਿਆਦ ਰਖਦੀ ਹੈ
ਰਾਤ ਮੁਕਦੀ ਹੈ ਏਸ ਬੁਝ ਜਾਣਾ

Wednesday, May 2, 2012

ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ


ਅੱਖੀਂ ਬੰਨੇ ਸਬਰਾਂ ਨੂੰ ਠੋਕਰ ਲਗਾ ਕੇ ਤੁਰ ਗਿਆ
ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ

ਸੁੰਨ ਮਸਾਣਾਂ ਦੇ ਖਿਆਲੀਂ ਚੁਪ ਚੁਪੀਤੀ ਯਾਦ ਦਾ
ਬੀਤਿਆਂ ਦੀ ਕਬਰ ਤੇ ਦੀਵਾ ਜਗਾ ਕੇ ਤੁਰ ਗਿਆ

ਜਾਗਦੇ ਜਹੇ ਸੁਫਨਿਆਂ ਵਿਚ ਕੱਚੇ ਘੜਿਆਂ ਦਾ ਸਫਰ
ਸੋਹਣੀ ਦਾ ਝੌਲ੍ਹਾ ਸੀ ਅੱਖਾਂ ਨੂੰ ਝਨਾ ਕੇ ਤੁਰ ਗਿਆ

ਰਚ ਗਈ ਲਹਿੰਦੇ ਦੇ ਪਲਕੀਂ ਵਿਲਕਦੀ ਲਾਲੀ ਜਦੋਂ
ਗੈਰ ਦੀ ਹੱਥ ਆਪਣੇ ਮਹਿੰਦੀ ਰਚਾ ਕੇ ਤੁਰ ਗਿਆ

ਇਸ ਅਧੂਰੇ ਜਗ ਚ ਕੋਈ ਜੀਵ  ਸੀ ਉਸ ਪਾਰ ਦਾ
ਜੰਨਤਾਂ ਦੀ ਰੀਝ ਦਾ ਝੌਲ੍ਹਾ ਵਿਖਾ ਕੇ ਤੁਰ ਗਿਆ

ਜੋਗੀ ਉਹ ਮਤਵਾਲੜਾ ਪਰ ਕਿਰਕ ਅੱਖੀਂ ਛਡ ਗਿਆ
ਦਿਲ ਚ ਦੋ ਪਲ ਬੈਠਿਆ ਧੂਣੀ ਧੁਖਾ ਕੇ ਤੁਰ ਗਿਆ

ਵਲਵਲੇ, ਵਸਲਾਂ ਲਾਹਾਸਿਲ ,ਸੱਧਰਾਂ ਦਿਲ-ਖਾਣੀਆਂ
ਸੌ ਬਲਾਵਾਂ ਮਲਕੜੇ,ਮਨ ਵਿਚ ਜਗਾ ਕੇ ਤੁਰ ਗਿਆ

ਚੰਨ ਦੇ ਹਿਜਰੀਂ ਰੋਂਵਦੇ ਸਰਘੀ ਨੇ ਅੱਖੀਂ ਵੇਖਿਆ
ਫੁੱਲਾਂ ਦੀ ਅੱਖ ਤ੍ਰੇਲ੍ਹ ਦੇ ਤੁਪਕੇ ਚੁਆ ਕੇ ਤੁਰ ਗਿਆ

ਇਕ ਸਵਾਂਤੀ ਬੂੰਦ ਨੂੰ ਅਜਲੋਂ ਪਪੀਹੜੀ ਮੇਰੀ
ਇਸ ਤਰੇਹੀ ਜਾਨ ਨੂੰ ਬੁਕ-ਬੁਕ ਰੁਆ ਕੇ ਤੁਰ ਗਿਆ