Saturday, January 26, 2013

ਮੈਂ ਇਕ ਸਫ਼ਰ ਤੈਥੋਂ ਸ਼ੂਰੂ ਹੋ ਕੇ ਤੇਰੇ ਹੀ ਤੀਕ ਹਾਂ


ਹਾਂ ਬੂੰਦ ਕਿ ਸਾਗਰ ਕੋਈ ਜਾਂ ਪਾਣੀਆਂ ਤੇ ਲੀਕ ਹਾਂ
ਮੈਂ ਇਕ ਸਫ਼ਰ ਤੈਥੋਂ ਸ਼ੂਰੂ ਹੋ ਕੇ ਤੇਰੇ ਹੀ ਤੀਕ ਹਾਂ

ਜਦ ਮੈਂ ਨਹੀਂ ਬਸ ਤੂੰ ਹੀ ਤੂੰ , ਨਜ਼ਰਾਂ ਚ ਰਖ ਲੈ , ਡੇਗ ਦੇ
ਤੇਰੀ ਰਜ਼ਾ ਹੈ ਦੋਸਤਾ ਜਿੱਦਾਂ ਵੀ ਰੱਖੇਂ ਠੀਕ ਹਾਂ

ਸੂਰਜ ਤੇ ਨਾ ਹੀ ਚੰਦਰਮਾ ਦੇ ਮੱਥੇ ਭਖਦਾ ਤੇਜ਼ ਮੈਂ
ਚੁਪ ਤਾਰਿਆਂ ਦੀਆਂ ਲਰਜ਼ੀਆਂ ਅੱਖਾਂ ਤੇ ਅਟਕੀ ਚੀਕ ਹਾਂ

ਵਕਤਾਂ ਦੇ ਪੈੜੀ ਉਠ ਰਹੀ ਇਕ ਕਣ ਹਾਂ ਉਡਦੀ ਧੂੜ ਦਾ
ਲਕਮਾਂ ਅਜਲ ਦੇ ਖੇਡ ਦਾ ਮੈਂ ਕਾਲ ਦੀ ਇਕ ਡੀਕ ਹਾਂ

ਅਜ਼ਲਾਂ ਤੋਂ ਬਿਹਬਲ ਤਾਰਿਆਂ ਦੇ ਦੀਦਿਆਂ ਦੀ ਰਾਹ ਵਿਚ
ਜੋ ਰਾਤ ਹੋ ਕੇ ਵਸ ਗਿਆ ਕਾਜਲ ਦੀ ਅੱਖ ਉਡੀਕ ਹਾਂ

ਉਹ ਕੌਣ ਜੋ ਮਸਜੂਦ ,ਮੱਥਾ ਕੌਣ , ਸਜਦਾ ਕੌਣ ਹੈ
ਮੈਂ ਆਸ਼ਿਕ਼ੀ ਦੇ ਭੇਸ ਤੇਰੇ ਹੁਸਨ ਦਾ ਪਰਤੀਕ ਹਾਂ

ਹਾਂ ਧੁੰਨ ਕੋਈ ਬੇਸੁਰੀ ਬੁੱਲਾਂ ਤੇ ਵਗਦੇ ਵਕ਼ਤ ਦੀ
ਮੈਂ ਜਿੰਦਗਾਨੀ ਦੇ ਸ਼ਿਕਸਤਾ ਸਾਜ਼ ਦਾ ਸੰਗੀਤ ਹਾਂ

---
ہاں بُون٘د کہ ساگر کوئی جاں پانِیاں تے لِیک ہاں
میں اِک سفر تیتھوں شورو ہو کے تیرے ہی تِیک ہاں

جد میں نہیں بس توں ہی توں ، نظراں چ رکھ لَے ، ڈیگ دے
تیری رضا ہے دوستا جِدّاں وی رکھّیں ٹھیک ہاں

سورج تے نہ ہی چندرما دے متّھے بھکھدا تیز میں
چُپ تاریاں دِیاں لرزیاں اکّھاں تے اٹکی چیک ہاں

وقتاں دے پیڑی اُٹھ رہی اِک کن ہاں اُڈدی دھوڑ دا
لکماں اجل دے کھیڈ دا میں کال دی اِک ڈیک ہاں

ازلاں توں بِہبل تاریاں دے دیدیاں دی راہ وِچ
جو رات ہو کے وس گیا کاجل دی اکّھ اُڈِیک ہاں

اوہ کَون جو مسجود ،متّھا کَون ، سجدہ کَون ہے
میں آشِکی دے بھیس تیرے حسُن دا پرتیک ہاں

ہاں دھُنّ کوئی بے سُری بُلّاں تے وگدے وکت دی
میں زِندگانی دے شکستہ ساز دا سنگیت ہاں

Wednesday, January 23, 2013

ਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ ਆ ਜਾਵੇ

ਪਲਕ ਤੇ ਦੋਸਤਾ ਹੰਝੂ ਤੇ ਬੁੱਲੀਂ ਵੈਣ ਆ ਜਾਵੇ
ਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ ਆ ਜਾਵੇ

ਮੇਰੀ ਤੂੰ ਜਾਨ ਦੇ ਹੁੰਦੇ, ਤੂੰ ਮੇਰੀ ਜਾਨ ਆ ਮਿਲ ਜਾ
ਭਰੋਸਾ ਮੌਤ ਦਾ ਕੀ ਹੈ ਕਦੋਂ ਵੀ ਲੈਣ ਆ ਜਾਵੇ

ਸ਼ਰਾਬਾਂ ਦਾ ਹੀ ਪੀ ਲੈਣਾ ਨਹੀ ਸੌਦਾ ਖੁਮਾਰੀ ਦਾ
ਤੂੰ ਜੇਕਰ ਸਾਹਮਣੇ ਹੋਵੇਂ ਵਜਦ ਵਿਚ ਨੈਣ ਆ ਜਾਵੇ

ਸਦਾ ਤੋਂ ਤੈਨੂੰ ਅਰਪਣ ਹੈ ,ਤੇਰਾ ਹੀ ਆਣ ਕੇ ਲੈ ਜਾ
ਮਤਾ ਦਿਲ ਖਾਣ ਨੂੰ ਮੇਰੇ ਹਿਜਰ ਦੀ ਡੈਣ ਆ ਜਾਵੇ

ਹਵਾ ਬਣ ਰੋਕ ਜਾ ਆ ਕੇ ਝੜੀ ਨੈਣਾਂ ਦੀ ਲੱਗੀ ਨੂੰ
ਸਲ੍ਹਾਬੀ ਕੰਧ ਨੂੰ ਜਿੰਦ ਦੀ ਨਾ ਪਹਿਲਾਂ ਢੈਣ ਆ ਜਾਵੇ

ਸਫਲ ਤਾਂ ਜੀਵਣਾ ਮੇਰਾ ਮੁਬਾਰਕ ਮਰਨਾ ਹੋ ਜਾਵੇ
ਵਿਸਾਲਾਂ ਤੋਂ ਜੇ ਪਹਿਲਾਂ ਵਸਲ ਦੀ ਇਕ ਰੈਣ ਆ ਜਾਵੇ

پلک تے دوستا ہنجھو تے بُلّیں وین آ جاوے
اجیہا کر کوئی حیلہ کہ مینوں چین آ جاوے

میری توں جان دے ہُندے، توں میری جان آ مِل جا
بھروسہ موت دا کی ہے کدوں وی لَین آ جاوے

شراباں دا ہی پی لَینا نہی سودا خُماری دا
توں جیکر ساہمنے ہوویں وجد وِچ نین آ جاوے

سدا توں تینوں ارپن ہے ،تیرا ہی آن کے لَے جا
متا دِل کھان نوں میرے ہجر دی ڈین آ جاوے

ہوا بن روک جا آ کے جھڑی نیناں دی لگّی نوں
سلھابی کندھ نوں جِند دی نہ پہلاں ڈھین آ جاوے

سفل تاں جیونا میرا مُبارک مرنا ہو جاوے
وِسالاں توں جے پہلاں وصل دی اِک رین آ جاوے

Wednesday, January 16, 2013

ਤੇਰੀ ਯਾਦ ਦੀਆਂ ਖੁਸ਼ਬੋਆਂ

ਤੇਰੀ ਯਾਦ ਦੀਆਂ ਖੁਸ਼ਬੋਆਂ
ਚਾਨਣ ਚਾਨਣ ਲੋਆਂ ਲੋਆਂ

ਫੁੱਲ ਖਿੜੇ ਬਾਗ ਬਗੀਚੇ ਮੌਲ਼ੇ
ਤੇਰੇ ਆਣ ਦੀਆਂ ਕੰਨਸੋਆਂ

ਤੇਰੇ ਗਲ਼ ਮਾਲਾ ਹੋ ਜਾਵੇ
ਗੀਤੀਂ ਕਿਹੜੇ ਸ਼ਬਦ ਪਿਰੋਆਂ

ਹੁਸਨ ਤੇਰੇ ਦੁਨੀਆ ਰੁਸ਼ਨਾਈ
ਮੈਂ ਦਿਲ -ਦੁਖ-ਹਨੇਰਾ ਢੋਆਂ

ਅੱਖ ਮੇਰੀ ਨੂੰ ਹੰਝੂ ਮੁੱਕੇ
ਬੱਦਲ ਅੱਖੀਂ ਬਹਿ ਕੇ ਰੋਆਂ

ਵੇਖ ਤੇਰੇ ਰੰਗ-ਰੂਪ ਦਾ ਜਲਵਾ
ਫੁੱਲੀਆਂ ਨਕਲੀਂ ਖੇਤ ਸਰੋਆਂ

ਜਾਣਦਿਆਂ ਤਾਬੀਰ ਨਾ-ਮੁਮਕਿਨ
ਪਰ ਤੇਰੇ ਹੀ ਖ਼ਾਬ ਸੰਜੋਆਂ

ਤੂੰ ਤੇ ਹੈਂ ਮੇਰਾ ਦਿਲ ਰਾਜ਼ੀ
ਮੇਰਾ ਕੀ ਹੋਆਂ ਨਾ ਹੋਆਂ

تیری یاد دِیاں کھُشبوآں
چانن چانن لوآں لوآں

پُھلّ کھِڑے باغ بغیچے مولے
تیرے آن دِیاں کنّسوآں

تیرے گل مالا ہو جاوے
گیتیں کہڑے شبد پِروآں

حسُن تیرے دُنیا رُشنائی
میں دِل -دُکھ-ہنیرا ڈھوآں

اکّھ میری نوں ہنجھو مُکّے
بدّل اکھّیں بہہ کے روآں

ویکھ تیرے رنگ-روپ دا جلوا
پھُلّیاں نکلیں کھیت سروآں

جاندیاں تعبیر نہ-مُمکِن
پر تیرے ہی خواب سنجوآں

توں تے ہیں میرا دِل راضی
میرا کی ہوآں نہ ہوآں

Thursday, January 3, 2013


ਆਹਾਂ ਦੇ ਸੀਤ ਵਲਵਲੇ, ਸੱਧਰਾਂ ਮਸੋਸੀਆਂ
ਔਰਤ ਨੂੰ ਅੱਜ ਵੀ ਪੇਸ਼ ਨੇ ਖਾਨਾਬਦੋਸ਼ੀਆਂ

ਕੰਡੇ ਨੇ ਦਿਲ ਦੀ ਪੈੜ ਨੂੰ ਸੁਫਨੇ ਦੇ ਰਾਸਤੇ
ਹਿਜਰਾਂ ਦੀਆਂ ਸਭ ਮੰਜ਼ਿਲਾਂ ਤਾਂਘਾਂ ਪਲੋਸੀਆਂ

ਕੁਖ ਵੀ ਜਵਾਬਦੇਹ ਨਹੀਂ ਕਬਰਾਂ 'ਚ ਵਟਦਿਆਂ
ਅੱਜ ਖੂਨ ਵੀ ਮੁਆਫ ਨੇ ਚਿਟ-ਕਪੜੇ ਦੋਸ਼ੀਆਂ

ਕਾਵਾਂ ਤੇ ਕੁੱਤਿਆਂ ਦੀਆਂ ਖਾਧਾਂ ਨੇ ਬਣਦੀਆਂ
ਕੂੜੇ ਦੇ ਢੇਰ ਰੁਲਦੀਆਂ ਕੰਜਕਾਂ ਨੇ ਲੋਥੀਆਂ

ਭਖਦੇ ਤੰਦੂਰੀਂ ਸੜਦੀਆਂ ਸੰਸਦ ਦੀ ਅੱਖ ਹੇਠ
ਦਿੱਲੀ ਦੇ ਪਥ ਤੇ ਛੰਡੀਆਂ ਬੇਤਾਲਾਂ ਨੋਚੀਆਂ 

ਬਸ ਮਾਸ ਦੀਆਂ ਬੋਟੀਆਂ ਹਵਸਾਂ ਦੇ ਤਾਜਰੀਂ
ਗੁੰਡਿਆਂ ਚਰੁੰਡ ਸੁੱਟੀਆਂ ਵਰਦੀ ਨੇ ਬੋਚੀਆਂ

ਭੁੱਖਾਂ ਦੇ ਇਵਜ਼ ਵਿਕਦੀਆਂ ਬੇਬਾਕ ਅਸਮਤਾਂ
ਬਸਤੀ ਦੇ ਨ੍ਹੇਰੇ ਕੋਨਿਆਂ ਰਾਤੀਂ ਖਲੋਤੀਆਂ

ਕਾਨੂੰਨ ਤਾਂ ਪਹਿਲਾਂ ਵੀ ਨੇ ਤੇ ਹੋਰ ਬਣਨਗੇ
ਪਰ ਨੀਤੀ ਕੀ ਕਰੇਗੀ ਜਦੋਂ ਨੀਤਾਂ ਖੋਟੀਆਂ

ਜੇ ਸੇਕ ਹੈ ਤਾਂ ਮਾਪਿਆਂ ਬੁਝ ਗਈ ਜੋ "ਦਾਮਿਨੀ"
ਬਲਦੀ ਚਿਤਾ,ਸਿਆਸਤਾਂ ਸੇਕਣੀਆਂ ਰੋਟੀਆਂ