Wednesday, April 25, 2012

ਮੇਰੇ ਦੁਖਦੇ ਦਿਲ ਨੂੰ ਟਕੋਰ ਤੂੰਉੰਝ ਮੇਰੇ ਲਈ ਬਹੁਤ ਹੋਰ ਤੂੰ
ਮੇਰੇ ਦੁਖਦੇ ਦਿਲ ਨੂੰ ਟਕੋਰ ਤੂੰ

ਓਹੀ ਸੂਰਜ, ਚੰਦਰਮਾ, ਤਾਰੇ
ਹਰ  ਦਿਨ  ਹੀ ਨਵਾਂ ਨਕੋਰ ਤੂੰ

 ਖੁਸ਼ਬੂ ਤਾਜ਼ੀ ਕੱਢੀ ਪੱਤ  ਦੀ
ਪੋਨੇ ਦੀ ਮਿੱਠੀ ਹੈ ਪੋਰ ਤੂੰ

ਤੂੰ ਗਰਜ ਭਲੀ ਸਾਵਣ ਰੁਤ ਦੀ
ਖੁਸ਼ ਪੈਲਾਂ ਪਾਉਂਦਾ ਜੋ ਮੋਰ ਤੂੰ

ਹਿਰਨਾਂ ਦਾ ਖੁਸ਼ ਚੁੰਗੀਆਂ ਭਰਨਾ
ਹੰਸਾਂ ਸ਼ਰਮਾਏ  ਉਹ ਤੋਰ ਤੂੰ

ਕੁਦਰਤ ਹੱਦ ਦੀ ਤਸਦੀਕ-ਸ਼ੁਦਾ
ਹੁਸਨਾਂ ਤੇ ਲੱਗੀ ਹੈ ਮੋਹਰ ਤੂੰ


ਇਕ ਚੰਦ ਅਸਮਾਨੀਂ ਵੀ ਚੜਦਾ
ਉਹ, ਜਿਸ ਦਾ ਮੈਂ ਹਾਂ ਚਕੋਰ, ਤੂੰ


Wednesday, April 18, 2012

ਭਰ ਰਾਤ ਦਾ ਸਫਰ ਮੇਰਾ ਤੈਥੋਂ ਬਗੈਰ ਫੇਰ
ਔਹ ਨਿਠਦਾ ਆ ਰਿਹਾ ਹੈ ਹਨੇਰੇ ਦਾ ਕਹਿਰ ਫੇਰ
ਭਰ ਰਾਤ ਦਾ ਸਫਰ ਮੇਰਾ ਤੈਥੋਂ ਬਗੈਰ ਫੇਰ


ਛੱਡਿਆ ਤਾਂ ਹੋਰ ਕਿਧਰੇ ਟਿਕਾਣਾ ਵੀ ਸੀ ਨਹੀਂ 
ਮੁੜਿਆ ਜਦੋਂ ਵੀ ਪਹੁੰਚਿਆ ਤੇਰੇ ਹੀ ਸ਼ਹਿਰ ਫੇਰ


ਗੀਤਾਂ ਦੀ ਦੇਹ ਵੀ ਨੀਲੀ ਤੇ ਅੱਖਰ ਵੀ ਨੇ ਬੇਹੋਸ਼
ਮੁੜ ਮੁੜ ਕੇ ਤੇਰੇ ਸ਼ੌਕ  ਦਾ ਪੀਤਾ ਹੈ ਜ਼ਹਿਰ ਫੇਰ


ਰਾਤਾਂ ਦੇ ਪਰਦੀਂ  ਪੁੰਨੂੰ  ਨੂੰ ਲੈ ਉੜ ਗਏ ਬਲੋਚ
ਸੱਸੀ ਦੇ ਪੈਰੀਂ ਹਿਜਰ ਦੀ ਤਪਦੀ ਦੁਪਹਿਰ ਫੇਰ


ਤਾਂਹੀ ਬਾਂਸੁਰੀ ਵਿਲਕਦੀ ਤੇ ਵੀਣਾ ਨੇ ਪਾਏ ਵੈਣ
ਸੀਨੇ ਚ ਉੱਠੀ ਗੀਤ ਦੇ ਦੁਖ ਦੀ ਸੀ ਲਹਿਰ ਫੇਰ


ਇਕ ਵੇਰ ਦਿਲ ਦੇ ਪੈਂਡਿਆਂ ਜੋ ਪਾ ਲਏ ਨੇ ਪੈਰ
ਮਜਨੂੰ ਸਿਰਾਂ ਦੀ ਪੈੜ ਨੂੰ ਮਿਲਦੀ ਨਾ ਠਹਿਰ ਫੇਰ


ਸ਼ਾਇਦ ਸੀ ਮੇਰੇ ਨਾਮ  ਤਦੇ ਗ੍ਰਹਣਿਆ ਗਿਆ
ਚੰਨ ਦੇ ਮੁਹਾਣੋਂ ਨਿਕਲੀ ਨਾ ਚਾਨਣ ਦੀ ਨਹਿਰ ਫੇਰ

Sunday, April 15, 2012

ਅੱਖ ਮੇਰੀ ਵਿਚ ਸੁਰਮੇ ਰੰਗਾ ਆਥਣ ਮੁੜ ਘਿਰ ਆਇਆ ਹੈ


ਸਾਹ ਮੇਰੇ ਦੀਆਂ ਵਿਰਲਾਂ ਥਾਣੀਂ ਇਕ ਹੌਕਾ ਝਿਰ ਆਇਆ ਹੈ
ਅੱਖ ਮੇਰੀ ਵਿਚ ਸੁਰਮੇ ਰੰਗਾ ਆਥਣ ਮੁੜ ਘਿਰ ਆਇਆ ਹੈ


ਦੇਰ ਲਹੂ ਨੂੰ ਅੱਧਖੜ ਰੁੱਤੇ ਹੋਈ ਸੋਝੀ ਸੇਕਾਂ ਦੀ
ਮੈਨੂੰ ਫੁਲ-ਰੰਗਾਂ ਦਾ ਮੌਸਮ ਕਦ ਵੇਲੇ ਸਿਰ ਆਇਆ ਹੈ


ਚਲਾ ਗਿਆ ਜਦ ਮੇਰਾ ਹੋ ਕੇ ਆਵਣ ਦੀ ਰੁਤ ਮੌਲੀ ਸੀ
ਆਇਆ ਵੀ ਮੁੜ ਜਦ ਦਿਲ ਮੇਰਾ ਹੋ ਦੂਜੀ ਧਿਰ ਆਇਆ ਹੈ


ਸਾਹ ਮੇਰੇ ਗਮ- ਮੋਚਾਂ ਆਈਆਂ ਲਾਸਾਂ ਪਈਆਂ ਦਿਲ ਉੱਤੇ
ਤੱਤੇ ਫੇਹੇ ਮਿਹਰਾਂ ਦੇ ਲੇਕਿਨ ਕਦ ਗੋਚਰ ਆਇਆ ਹੈ


ਕਲਮਾਂ ਦਾ ਲੇਖਾ-ਜੋਖਾ ਹੈ ਹਰਫ ਹੋਇਆ  ਜੋ ਪੰਨਿਆਂ ਤੇ 
 ਲੇਖਾਂ ਦੀ ਭੁੱਬਲ੍ਹ ਦਾ ਕਚਰਾ ਨੈਣਾਂ ਚੋਂ ਕਿਰ ਆਇਆ ਹੈ


ਪੈੜੋਂ ਭਟਕੇ ਰਾਹੀ ਨੂੰ ਕਦ ਮੰਜ਼ਿਲ ਮੁੜ ਰਾਹ ਦਿੰਦੀ ਹੈ
ਇਕ ਵੇਰਾਂ ਧੜਕਣ ਤਿਲਕੀ ਜੋ ਫਿਰ ਦਿਲ ਨਾ ਥਿਰ ਆਇਆ ਹੈ

Thursday, April 12, 2012

ਪਤਾ ਨਹੀਂ ਚਿੜੀਆਂ ਕਿੱਥੇ ਚਲੀਆਂ ਗਈਆਂ ਨੇ


ਸੁਬਹ ਸਵੇਰੇ ਚੂਕਦੀਆਂ ਨਾ ਚਹਿਕਦੀਆਂ ਨੇ
ਪਤਾ ਨਹੀਂ ਚਿੜੀਆਂ ਕਿੱਥੇ ਚਲੀਆਂ ਗਈਆਂ ਨੇ

ਖਬਰ ਮਿਲੀ ਅੱਜ ਵਿਚ ਰਸੋਈ ਸੜ ਮੋਈਆਂ ਨੇ
ਅਜੇ ਤਿਕਾਲੀਂ ਤਾਂ ਚੰਗੀਆਂ ਭਲੀਆਂ ਗਈਆਂ ਨੇ

ਹਰ ਇਕ ਮੋੜ ਤੇ ਹੁਸਨ-ਸ਼ਿਕਾਰੀ ਘਾਤ ਲਾ ਬੈਠੇ
ਖੈਰ ਹੋਵੇ ਰੱਬ ਦੀ ਕੂੰਜਾਂ ਕੱਲੀਆਂ ਗਈਆਂ ਨੇ

ਕੌਣ ਹੈ ਫੁੱਲ ਦੇ ਸੀਨੇ ਦਾ ਕੰਡਾ ਮਹਿਸੂਸੇ
ਦਾਗ ਛੁਪਾਏ ਦਿਲ ਦੇ ਖਿੜ ਕਲੀਆਂ ਗਈਆਂ ਨੇ

ਭਰਮ ਹੈ ਪਰਵਾਨੇ ਨੂੰ ਅਪਣੀ ਆਹੂਤੀ ਦਾ
ਸ਼ੰਮਾਵਾਂ ਖੁਦ ਦੀ ਅੱਗ ਵਿਚ ਜਲੀਆ ਗਈਆਂ ਨੇ

ਦਿਨ ਭਰ ਕਿੱਸੇ ਉਸਤਤ 'ਜਿਤ ਜੰਮੇ ਰਾਜਾਨਾਂ"
ਰਾਤ ਹਨੇਰੇ ਹਵਸ ਪੈਰੀਂ ਦਲੀਆਂ ਗਈਆਂ ਨੇ

ਇਸ਼ਕ ਝਨਾਂ ਦੇ ਝੂਠੇ ਦਾਅਵੇ ਸੋਹਣੀਆਂ ਡੁੱਬੀਆਂ
ਤਤ ਬਰੇਤੇ ਤਲ ਸੱਸੀ -ਤਲੀਆਂ ਗਈਆਂ ਨੇ

Monday, April 9, 2012

ਮੇਰੇ ਲਈ ਸਦੀਵੀ ਤਾਂ ਅੱਖ ਦੀ ਨਮੀ ਹੈ ਤੂੰ


ਮੇਰੇ ਲਈ ਸਦੀਵੀ ਤਾਂ  ਅੱਖ ਦੀ ਨਮੀ ਹੈ ਤੂੰ
ਪਰ ਜਿਸ ਨੁੰ ਮੈਂ ਸੀ ਜਾਣਦਾ ਹੁਣ ਤੂੰ ਨਹੀਂ ਹੈ ਤੂੰ


ਘੁਪ ਨ੍ਹੇਰ ਦਾ ਪਸਾਰ ਮੇਰੀ ਸੋਚ ਹਦ ਤੀਕ
ਬੇਗਾਨਿਆਂ ਦੇ ਵਿਹੜੇ ਦੀ ਅੱਜ ਚਾਨਣੀ ਹੈ ਤੂੰ


ਮੈਨੂੰ ਕੀ ਹੈ ਧਰਾਸ ਤੇਰਾ ਸੋਹਣਾ ਹੋਵਣੈ
ਮੇਰੇ ਤਾਂ ਦਿਨ ਵੀ ਨ੍ਹੇਰੇ ਨੇ ਲੱਖ ਰੌਸ਼ਨੀ ਹੈ ਤੂੰ


ਨੈਣਾਂ ਚੋਂ ਮੇਰਿਆਂ ਹੰਝ ਮੋਤੀ ਨੇ ਟਪਕਦੇ
ਯਾਦਾਂ ਦੇ ਸਰਵਰੀਂ ਚੁਗੇਂਦੀ ਹੰਸਿਣੀ ਹੈ ਤੂੰ


ਇਕ ਮੂਰਤੀ ਤੂੰ ਹੁਸਨ ਦੀ ਪ੍ਰੀਤਾਂ ਦੇ ਮੰਦਰੀਂ
ਰਬ ਦੀ ਕਲਾ ਦੀ ਜੂਨ ਦੀ ਕੋਈ ਸੋਚਣੀ ਹੈ ਤੂੰ


ਕੁਦਰਤ-ਪਸਾਰਿਆਂ ਦਿਆਂ ਰੰਗੀਨੀਆਂ ਦਾ ਕੁਲ
ਸਿਫਤਾਂ ਦੀ ਸਾਰੇ ਆਲਮਾਂ  ਦੀ ਸਾਰਣੀ ਹੈ ਤੂੰ 


ਧੁਨ ਅਨਹਦੀ ਹੈ ਸਰਸਵਤੀ ਦੇ ਤੂੰ ਸਾਜ਼ ਦੀ
ਜੰਨਤ ਹਵਾਈਂ ਤੈਰਦੀ ਇਕ ਰਾਗਿਣੀ ਹੈ ਤੂੰ


ਕ੍ਰਿਸ਼ਮਾ ਪਰਾਰ ਜਗਤ ਦਾ ਔਰਤ ਦੇ ਭੇਸ ਵਿਚ
ਕਿਸੀ ਚਮਤਕਾਰ ਅਜਬ ਦੀ ਖਬਰ ਸਨਸਨੀ  ਹੈ ਤੂੰ
----csmann-030912------

Friday, April 6, 2012


ਤਾਰਾ ਤਾਰਾ ਰਾਤ ਗੁਜ਼ਰ ਗਈ
ਯਾਦ ਤੇਰੀ ਦੇ ਰਾਹੀਂ
ਦੂਰ ਸੁਮੇਲੀਂ ਪਹੁ ਫੁਟਦੀ ਹੈ
ਮੇਰੇ ਅੰਬਰ ਨਾਹੀਂ
ਮੇਰੇ ਦਿਲ ਦਾ ਸੂਰਜ ਹੈ ਤੂੰ
ਧੁਪ ਬਿਗਾਨੇ ਥਾਈਂ

ਕਲ ਕਲ ਅੱਖਾਂ – ਆੜੀਂ ਵਹਿੰਦਾ
ਦਿਲ ਖੂਹਾਂ ਦਾ ਪਾਣੀ
ਵੱਟ ਵੱਟ ਗਮ ਦਾ ਖੱਬਲ ਉੱਗਿਆ
ਤਿੜ ਤਿੜ  ਹੱਡਾਂ   ਤਾਈਂ
ਰਾਤ ਪਹਰ ਤਕ ਅੰਦਰ ਗਿੜਿਆ
ਕੱਲਰ ਰਾਤ ਸਿੰਜਾਈ

ਸਾਵੀਂ ਰੰਗਤ ਬਣ - ਬੂਟੇ ਤੇ
ਦਿਲ ਦੇ ਬਾਗੀਂ ਸੋਕਾ
ਅੱਖਾਂ ਦੇ ਥਲ ਰੇਤ ਪਿਆਸੀ
ਲਹਿਕੇ ਪਾਣੀ ਧੋਖਾ
ਕਿਸੀ ਬਿਗਾਨੇ ਵੇਹੜੇ ਵਰ੍ਹ ਗਈ
ਤੇਰੀ ਮਿਹਰ ਨਿਗਾਹੀ

ਪੱਥਰ ਯੁਗ ਦੀ ਰਹਿੰਦ ਹੈ ਕੋਈ
ਅੱਖਰ  ਅੱਖਰ  ਬੇਹਾ
ਗੀਤ ਮੇਰਾ ਦਿਲ ਕੰਧ ਤੋਂ ਲੱਥੀ
ਮਾਸ ਦੀ ਛਿਲ੍ਤਰ ਜੇਹਾ
ਪਲਕਾਂ ਹੁਣ ਤਕ ਲਹੂ ਲੁਹਾਣੀਆਂ
ਬੁੱਲੀਂ ਖੂਨ ਲਲਾਈ

ਕੌੜ-ਕਸੇਲ੍ਹਾ ਫਲ ਇਸ਼ਕੇ ਦਾ
ਰੂਹ ਨੇ ਚਖ ਲਿਆ ਹੈ
ਅੰਦਰੋ-ਅੰਦਰ ਰਿਸਦਾ ਮਹੁਰਾ
ਸੀਨੇ ਰਖ ਲਿਆ ਹੈ
ਦੁਖਦੇ ਸੁਰ ਧੜਕਣ ਦੇ ਬੁੱਲੀਂ
ਪੀੜ  ਕੁੜੱਤਣ ਸਾਹੀਂ

ਰਾਤਾਂ ਨੇ ਚੁਪ ਵੈਣ ਅਲਾਏ
ਯਾਦ ਤੇਰੀ ਜਦ ਆਈ
ਸਿਰ ਗਮਗੀਨ ਸਿਰਹਾਣੇ ਸੁੱਟਿਆ
ਨੈਣਾਂ ਛਹਿਬਰ ਲਾਈ
ਸੀਨੇ ਤੇ ਸਿਰ ਰਖ ਕੇ ਸੌਂ ਗਿਓਂ
ਤੂੰ ਗੈਰਾਂ ਦੀ ਬਾਹੀਂ

ਦਿਨ ਭਰ ਅੱਗ ਨਦੀ ਦਾ ਤਰਨਾ
ਰਾਤੀਂ ਅੱਖ ਝਨਾਈਂ
ਦੁੱਖਾਂ ਦੇ ਭਵ -ਸਾਗਰ ਤਰਦੇ
ਅੱਥਰੀ ਅਉਧ ਵਿਹਾਈ
ਆਪੇ ਨਾਵ ਮੇਰੇ ਜੀਵਨ ਦੀ
ਡੋਬੀ ਲੇਖ ਮਲਾਹੀਂ

ਤਨ ਦੇ ਜੇਠੀਂ ਹਾੜ ਰੇਤੀਲੇ
ਤਪਦੇ ਰੈਣ ਬਿਤਾਈ
ਹਿਜਰ ਗਮਾਂ ਦੇ ਸਾਵਣ ਆਏ
ਨੈਣਾਂ ਝੜੀ ਲਗਾਈ
ਜਿੰਦ ਦੇ ਬਾਗੀਂ ਮੋਰ ਕੁਰਲਾਏ
ਬੱਦਲ ਬੱਦਲ ਧਾਹੀਂ

ਚੰਦ ਸੀ ਉਹ ਨ੍ਹੇਰਿਆਂ ਵਿਚ ਘੁਲ ਗਿਆ


ਮੇਰੇ ਲੇਖੀਂ ਉਲਝਿਆ ਤਾਂ ਰੁਲ ਗਿਆ
ਚੰਦ ਸੀ ਉਹ ਨ੍ਹੇਰਿਆਂ ਵਿਚ ਘੁਲ ਗਿਆ


ਆਸ ਨੂੰ ਵੀ ਨਾ ਪਿਆ ਸੀ ਬੂਰ ਅਜੇ
ਰੂੜੀਆਂ ਰਸਮਾਂ ਦਾ ਝੱਖੜ ਝੁਲ ਗਿਆ


ਇਕ ਸਿਲਾ ਬੇਮੌਸਮੀ ਬਰਸਾਤ ਦਾ
ਹਰ ਨਕਸ਼ ਪਹਚਾਣ ਦਾ ਸੀ ਧੁਲ ਗਿਆ


ਇਕ ਭੁਲੇਖਾ ਸੀ ਤੇਰੇ ਮੁੜ ਆਣ ਦਾ
ਜਾਣਦਾ ਸਾਂ ਭਰਮ ਹੈ, ਮੁਸ਼ਕਿਲ ਗਿਆ


ਮੇਰੇ ਲਈ ਉਹ ਜਾਨ ਤੋਂ ਅਨਮੋਲ ਸੀ
ਵਿਛੜਿਆ ਤੇ ਕੋਡੀਆਂ ਦੇ ਤੁਲ ਗਿਆ


ਸਾਲਾਂ ਲੱਗੇ ਭੇਦ ਦਿਲ ਉਸ ਖੋਲਣੇ
ਬੰਦ ਸੀ ਹਰ ਰਾਸਤਾ, ਜਦ ਖੁਲ ਗਿਆ


ਹੋਈ ਮੁੱਦਤ ਸਾਹ 'ਚ ਉਹਦੇ ਸਾਹ ਲਿਆਂ
ਪਰ ਮੇਰੇ ਹਰ ਸਾਹ ਦੇ ਵਿਚ ਸ਼ਾਮਿਲ ਗਿਆ


ਬਿਨ ਭੁਲਾਏ ਉਸ ਨੂੰ ਵੀ ਚਾਰਾ ਨ ਸੀ
ਪਰ ਨ ਭੁਲਿਆ ,ਆਪ ਨੂੰ ਪਰ ਭੁਲ ਗਿਆ


ਇਸ਼ਕ ਵਿਚ ਸਰਮਦ ਯਾ ਫਿਰ ਮਜਨੂੰ ਕੋਈ
ਜੋ ਸਿਰੇ ਤੇ ਪਹੁੰਚਿਆ ਪਾਗਲ ਗਿਆ


ਉਹ ਗਿਆ ਸੂਰਜ ਵੀ ਉਹਦੇ ਨਾਲ ਹੀ
ਫਿਰ ਦਿਨਾਂ ਤੋਂ ਮੇਰਿਆਂ ਓਝਲ ਗਿਆ


ਸਾਰਾ ਦਿਨ ਸਬਰਾਂ ਪਿਆਲਾ ਭਰ ਰਿਹਾ
ਰਾਤ ਜੋ ਮੋਢੇ ਲਗਾਇਆ ਡੁਲ ਗਿਆ


ਹੁਣ ਤਾਂ ਅਪਣੀ ਹੀ ਖਬਰ ਨਾ ਜੱਗ ਦੀ
ਰਿਸ਼ਤਿਆਂ ਦੀ ਭੀੜ ਵਿਚ ਬੌਂਦਲ ਗਿਆ

Wednesday, April 4, 2012

ਕੋਸ਼ਿਸ਼ ਕੀਤੇ ਪੁੱਜਿਆ ਨਾ ਪਰ ਬਾਹਾਂ ਤਕ


ਤੋੜ ਬਿਗੜਦੇ ਰਹਿ ਗਏ ਬਿਖੜੇ ਰਾਹਾਂ ਤਕ
ਨਾਲ ਨਿਭਣ ਦੇ ਦਾਅਵੇ ਆਖਿਰ ਸਾਹਾਂ ਤਕ


ਜਨਮ ਜਨਮ ਦੇ ਸੁਫਨੇ ਟੁੱਟੇ ਵਸਲਾਂ ਦੇ
ਵਿੱਚੇ ਰਹਿ ਗਏ ਸੋਚੇ ਜੋੜ ਅਗਾਹਾਂ ਤਕ


ਪ੍ਰੀਤਾਂ ਦੇ ਰਬ ਹੀ ਸ਼ਾਇਦ ਗੁੰਗੇ -ਬੋਲੇ
ਕਦ ਪੁੱਜਦੀ ਹੈ ਦਿਲ ਦੀ ਹੂਕ ਉਤਾਹਾਂ ਤਕ


ਚਾਹਤ ਸੀ ਜੀਹਦੇ ਸਾਹਾਂ ਵਿਚ ਘੁਲ ਜਾਣਾ
ਕੋਸ਼ਿਸ਼ ਕੀਤੇ ਪੁੱਜਿਆ ਨਾ ਪਰ ਬਾਹਾਂ ਤਕ


ਭੂਮੀ ਦੀ ਅੱਖ ਵੇਖ ਕਿਸਾਨਾਂ ਦਹਲ ਰੋਈ
ਦਲਦਲ ਹੋਈ ਟੰਗੇ ਦੇਖ ਪਲਾਹਾਂ ਤਕ


ਭਰਮ ਹੈ ਅੰਨ-ਦਾਤੇ ਨੂੰ ਭੋਂ-ਮੁਖਤਾਰੀ ਦਾ
ਸਭ ਕੁਝ ਵੇਚ ਵਟਾ ਕੇ ਧਰਿਆ ਸ਼ਾਹਾਂ ਤਕ


ਲੈਅ ਦੇ ਪਰ ਬੰਨ ਸ਼ਬਦ-ਉਡਾਰੀ ਲਾਂਦਾ ਸੀ
ਮਰਿਆ ਸ਼ਾਇਰ ਉੜਦਾ ਪਿਆ ਸਵਾਹਾਂ ਤਕ


ਐਨੇ ਦੁਖੜੇ? ਰੱਬਾ ਕੀ ਦਸ ਮਾਰ ਲਏ ?
ਕਦੋਂ ਅਸਾਡੀ ਪਹੁੰਚ ਸੀ ਤੇਰੇ ਮਾਹਾਂ ਤਕ ?


ਰਬ,ਚੜਾਵੇ ਮੰਗਣ,ਬਾਬੂ ਦਫਤਰ ਦੇ
ਇਕ ਤੋਂ ਇਕ ਚੜਦਾ ਹੈ ਉੱਤੋਂ- ਠਾਹਾਂ ਤਕ


ਹੋਰਾਂ ਲਈ ਸਵੱਲੀ, ਹੈ ਬਸ ਤੇ ਗਾਇਬ
ਇਕ ਮੇਰੀ ਹੀ ਹਸਤੀ ਨਜ਼ਰ-ਪਨਾਹਾਂ ਤਕ


ਫੁਲ, ਬਹਾਰਾਂ, ਰੰਗ-ਪੀਂਘਾਂ ਤੇ ਤੇਰੇ ਹੀ
ਰੰਗਾਂ ਦੀ ਸਰਦਾਰੀ ਦੂਰ-ਨਿਗਾਹਾਂ ਤਕ

Tuesday, April 3, 2012

ਚਾਨਣਾਂ ਨੂੰ ਹੱਥ ਲਾਉਣਾ ਉਮਰ ਭਰ ਵਰਜਿਤ ਰਿਹਾ


ਚੰਦ ਦੇ ਉੰਝ ਤਾਂ ਅੰਦਰਲੇ ਵੀ ਦਾਇਰਿਆਂ ਦੇ ਵਿਚ ਰਿਹਾ
ਚਾਨਣਾਂ ਨੂੰ ਹੱਥ ਲਾਉਣਾ ਉਮਰ ਭਰ ਵਰਜਿਤ ਰਿਹਾ


ਲੰਮ-ਸਲੰਮੇ ਸ਼ਾਮ-ਪਰਛਾਵੇਂ ਘੁਲੇ ਮਿਲ ਆਪਸੀ
ਸੋਨੇ ਰੰਗੀ ਕਣਕ ਪਿੱਛੇ ਲਾਲ ਸੂਰਜ ਛਿਪ ਰਿਹਾ


ਰੰਗ-ਬਰੰਗੇ ਪਰ ਫੈਲਾਂਦੇ ਆਏ ਵੀ ਪੰਛੀ ਕਈ
ਮੇਰੀ ਦਿਖ ਦਾ ਪੌਣ-ਪਾਣੀ ਹੀ ਨਹੀਂ ਮਾਫਿਕ ਰਿਹਾ


ਜ਼ਹਰ-ਮਾਰੇ ਲੇਖ ਤੋਂ ਤਾਂ ਸੀ ਕੁੜੱਤਣ ਹੀ ਉਮੀਦ
ਦਿਲ ਮੇਰਾ ਤਾਂ ਸ਼ਹਿਦ ਤੋਂ ਵੀ ਜ਼ਹਰ ਦਾ ਜਾਚਿਕ ਰਿਹਾ


ਫਿਰ ਸਦਾ ਲਈ ਪੱਸਰੀ ਚੁਪ-ਭੁਖ ਸ਼ਹੀਦਾਂ ਦੇ ਘਰੇ
ਚਾਰ ਦਿਨ ਅਖਬਾਰ ਦੇ ਪੰਨਿਆਂ ਤੇ ਕੁਝ ਚਰਚਿਤ ਰਿਹਾ


ਚੰਨ ਦਾ ਸੱਗੀ-ਫੁਲ ਸਜਾ ਮੱਥੇ ਗੁਜ਼ਰ ਗਏ ਚਾਰ ਦਿਨ
ਰਾਤ ਦੀ ਦੁਲਹਨ ਦੇ ਮੁਖ ਤੇ ਤਾਰਿਆਂ-ਚੇਚਕ ਰਿਹਾ


ਰਾਤ ਦੇ ਮੁਖ ਤੋਂ ਹਨੇਰੇ ਦਾ ਦੁਪੱਟਾ ਸਰਕਿਆ
ਦੂਰ ਦਿਸ-ਹੱਦੇ ਦੀ ਹਿਕ ਤੇ ਪਹੁ-ਫੁਟਾਲਾ ਦਿਖ ਰਿਹਾ


ਵੰਨ-ਸੁਵੰਨੇ ਮੌਸਮਾਂ ਦਾ ਆਣ-ਜਾਣਾ ਲੱਗਿਆ
ਨੈਣ ਬੁਲਬੁਲ ਦੇ ਵਿਰਾਨਾ ਸੀ,ਇਹੀ ਨਿਸ਼ਚਤ ਰਿਹਾ


ਹਥ ਕਲੀਰੇ ਮਹਿਲਾਂ ਵਾਲੀ ਦੇ , ਤਲੀਂ ਮਹਿੰਦੀ ਰਚੀ
ਕੁੱਲੀਆਂ ਦੀ ਧੀ ਦੇ ਹਥ ਰੱਟਣ ਹੀ ਸੀ ਕਿਸਮਤ ਰਿਹਾ

Sunday, April 1, 2012

ਨਵਾਂ ਇਹ ਦੌਰ ਨਵੇਂ ਰਾਸਤੇ ਸਥਾਪਤ ਕਰ


ਨਸੀਬ ਮੇਰੀ ਤਲੀ ਤੇ ਨਵਾਂ ਇਬਾਰਤ ਕਰ
ਮੈਂ ਟੁਟ ਗਿਆ ਹਾਂ ਤੂੰ ਮੈਨੂੰ ਦੁਬਾਰਾ ਸਾਬਤ ਕਰ


ਜਿਵੇਂ ਇਹ ਛਾਂ ਹੈ ਦਰਖਤਾਂ ਦੀ,ਫਲ ਵੀ ਸਾਂਝੇ ਨੇ
ਐ ਬਾਗਬਾਂ ! ਨਾ ਤੂੰ ਫੁੱਲਾਂ ਦੇ ਨਾਂ' ਸਿਆਸਤ ਕਰ


ਹੈ ਕੁਝ ਵੀ ਲੈਣ ਨੂੰ ਕਰਨਾ ਪਏਗਾ ਉਪਰਾਲਾ
ਜੇ ਹੱਕ ਦੀ , ਸਚ ਦੀ ਹੈ ਚਾਹਤ ਤਾਂ ਫਿਰ ਬਗਾਵਤ ਕਰ


ਪੁਰਾਣਾ ਤੌਰ ਅਸਾਡਾ ਕੀ ਉਸ ਦੀ ਗੱਲ ਕਰੀਏ
ਨਵੀਨ ਰਸਤੇ ਤੇਰੇ ਚਲ ਉਸੀ ਦੀ ਬਾਬਤ ਕਰ


ਲੜਾਈ ਜ਼ਿੰਦਗੀ, ਚੁੱਪਾਂ ਦੀ ਇੱਥੇ ਵੁਕਅਤ ਨਈਂ
ਸੁਣਾਣਾ ਹਾਕਿਮਾਂ ਜੇ ਬੋਲਣੇ ਦੀ ਜੁਰਅਤ ਕਰ


ਪੁਰਾਣੇ ਵਕਤ ਗਏ ਛੱਡ ਪੁਰਾਣੀਆਂ ਰਸਮਾਂ
ਨਵਾਂ ਇਹ ਦੌਰ ਨਵੇਂ ਰਾਸਤੇ ਸਥਾਪਤ ਕਰ


ਵਿਚਾਰ,ਕਾਰ ਕੋਈ ਆਂਵਦੀਆਂ ਨਸਲਾਂ ਲਈ
ਨਾ ਫੁਲ ਸਹੀ ਜੇ ਨਹੀਂ ,ਕੰਡੇ ਨਾ ਵਿਰਾਸਤ ਕਰ


-----csmann--