Sunday, June 10, 2012

ਤੈਥੋਂ ਨਹੀਂ ਸੀ ਤੇਰੀ ਖੁਸ਼ਬੂ ਸਮੇਟ ਹੋਈ


ਰਤ-ਪੀਣੀ ਯਾਦ ਤੇਰੀ ਦਿਲ ਤੋਂ ਨਾ ਮੇਟ  ਹੋਈ
ਅੰਬਰ-ਦੀ-ਵੇਲ ਵਾਂਗਣ ਸੋਚੀਂ ਵਲੇਟ ਹੋਈ

ਬੱਦਲਾਂ ਦੇ ਹਰਫੀਂ ਸੂਰਜ ਲਿਖਿਆ ਸੀ ਨਾਮ ਅਰਸ਼ੀਂ
ਸਤਰੰਗੀ-ਪੀਂਘ ਤੇਰੀ ਧੁੱਪ ਲਈ ਸਲੇਟ ਹੋਈ

ਫੇਰ ਅੱਜ ਵੀ ਮਹਿਕਦੀ  ਸੜਕਾਂ ਦੇ ਸਾਹੀਂ ਰਹਿ ਗਈ
ਤੈਥੋਂ ਨਹੀਂ ਸੀ ਤੇਰੀ ਖੁਸ਼ਬੂ ਸਮੇਟ ਹੋਈ

ਸੌ ਜਾਨ ਦਾ ਪ੍ਰਣ ਸੀ ਸਰਦਲ ਤੇ ਫੁੱਲ ਕਰਨਾ
ਇੰਝ ਇਸ਼ਟ ਮੇਰਾ ਰੁੱਸਿਆ ਇਕ ਵੀ ਨਾ ਭੇਟ ਹੋਈ

ਗਮ ਦੀ ਨਦੀ ਦੇ ਚੜਨੈ ਹੰਝੂ ਦੀ ਸੇਮ ਪੈ ਗਈ
ਅੱਖ ਦੀ ਹਰੀ-ਭਰੀ ਇੰਝ ਵਾਦੀ ਸੀ ਬੇਟ ਹੋਈ

ਇਹ ਲਤ ਸਿਆਸਤਾਂ ਦੀ ਲੱਥਦੀ ਨਾ ਜੋਕ ਲੱਗੀ
ਜੰਤਾ ਦਾ ਖੂਨ ਚੂਸਣ ਕੁਰਸੀ ਚਮੇਟ ਹੋਈ

ਨੈਣਾਂ ਦੇ ਪੁਲ ਤੇ ਮਰਦੀ ਝੂਠੇ ਮੁਕਾਬਲੀਂ ਆਸ
ਤੇਰੇ ਹੁਸਨ ਦੀ ਨਗਰੀ ਜ਼ਾਲਿਮ ਸਟੇਟ ਹੋਈ

ਯੁੱਗਾਂ ਦੇ ਫਾਸਲੇ ਤੇ ਆਵਾਰਾ ਫਿਰ ਰਹੀ ਹੁਣ
ਦੁੱਖ ਦੇ ਖਲਾਅ 'ਚ ਮਨ ਦੀ ਧਰਤੀ ਘੁਮੇਟ ਹੋਈ


No comments:

Post a Comment