Wednesday, January 23, 2013

ਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ ਆ ਜਾਵੇ

ਪਲਕ ਤੇ ਦੋਸਤਾ ਹੰਝੂ ਤੇ ਬੁੱਲੀਂ ਵੈਣ ਆ ਜਾਵੇ
ਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ ਆ ਜਾਵੇ

ਮੇਰੀ ਤੂੰ ਜਾਨ ਦੇ ਹੁੰਦੇ, ਤੂੰ ਮੇਰੀ ਜਾਨ ਆ ਮਿਲ ਜਾ
ਭਰੋਸਾ ਮੌਤ ਦਾ ਕੀ ਹੈ ਕਦੋਂ ਵੀ ਲੈਣ ਆ ਜਾਵੇ

ਸ਼ਰਾਬਾਂ ਦਾ ਹੀ ਪੀ ਲੈਣਾ ਨਹੀ ਸੌਦਾ ਖੁਮਾਰੀ ਦਾ
ਤੂੰ ਜੇਕਰ ਸਾਹਮਣੇ ਹੋਵੇਂ ਵਜਦ ਵਿਚ ਨੈਣ ਆ ਜਾਵੇ

ਸਦਾ ਤੋਂ ਤੈਨੂੰ ਅਰਪਣ ਹੈ ,ਤੇਰਾ ਹੀ ਆਣ ਕੇ ਲੈ ਜਾ
ਮਤਾ ਦਿਲ ਖਾਣ ਨੂੰ ਮੇਰੇ ਹਿਜਰ ਦੀ ਡੈਣ ਆ ਜਾਵੇ

ਹਵਾ ਬਣ ਰੋਕ ਜਾ ਆ ਕੇ ਝੜੀ ਨੈਣਾਂ ਦੀ ਲੱਗੀ ਨੂੰ
ਸਲ੍ਹਾਬੀ ਕੰਧ ਨੂੰ ਜਿੰਦ ਦੀ ਨਾ ਪਹਿਲਾਂ ਢੈਣ ਆ ਜਾਵੇ

ਸਫਲ ਤਾਂ ਜੀਵਣਾ ਮੇਰਾ ਮੁਬਾਰਕ ਮਰਨਾ ਹੋ ਜਾਵੇ
ਵਿਸਾਲਾਂ ਤੋਂ ਜੇ ਪਹਿਲਾਂ ਵਸਲ ਦੀ ਇਕ ਰੈਣ ਆ ਜਾਵੇ

پلک تے دوستا ہنجھو تے بُلّیں وین آ جاوے
اجیہا کر کوئی حیلہ کہ مینوں چین آ جاوے

میری توں جان دے ہُندے، توں میری جان آ مِل جا
بھروسہ موت دا کی ہے کدوں وی لَین آ جاوے

شراباں دا ہی پی لَینا نہی سودا خُماری دا
توں جیکر ساہمنے ہوویں وجد وِچ نین آ جاوے

سدا توں تینوں ارپن ہے ،تیرا ہی آن کے لَے جا
متا دِل کھان نوں میرے ہجر دی ڈین آ جاوے

ہوا بن روک جا آ کے جھڑی نیناں دی لگّی نوں
سلھابی کندھ نوں جِند دی نہ پہلاں ڈھین آ جاوے

سفل تاں جیونا میرا مُبارک مرنا ہو جاوے
وِسالاں توں جے پہلاں وصل دی اِک رین آ جاوے

1 comment: