Tuesday, September 11, 2012

ਅਸਤ


ਅਸਤ
------------
ਡੁਬ ਗਿਆ ਇਕ ਸੂਰਜ 
ਹੋਰ
ਮੈਨੂੰ ਜੀ ਕੇ
ਦੂਰ ਪਹਾੜਾਂ ਨਾਲ
ਪੱਛਮ ਦੇ
ਸਿਰ ਮਾਰਦਾ ਮੋਇਆ ਹੈ
ਇਕ ਫਰਹਾਦ
ਤੇਸ਼ੇ ਨਾਲ ਖਰਾਦਿਆ
ਭਿਜ ਗਿਆ
ਆਂਚਲ ਸ਼ੀਰੀਂ ਦਾ
ਸ਼ਾਮ ਦੀ
ਲਹੂ ਲੁਹਾਣ ਹੋਇਆ
ਫੇਰ 
ਕਿਸੀ ਦੀ ਵੰਗ ਟੁੱਟੀ 
ਦੰਦੀਂ ਲੈ ਕੇ ਜੀਭ ਟੁੱਕੀ
ਥੱਕਿਆ ਪਰਿੰਦਾ ਮੁੜਿਆ ਕੋਈ
ਧੂੰਏਂ 'ਚੋਂ ਕਾਰਖਾਨਿਆਂ ਦੇ
ਟਕ-ਟਕ ਖਰੜ-ਖਰੜ
ਕੰਨ-ਖਾਣੇਂ ਰੌਲਿਆਂ ਵਿੱਚੋਂ
ਆਹਰ ਕਰਦਾ ਚੋਗ ਦੇ
ਬੋਟ ਕੋਈ ਸੌਂ ਗਿਆ
ਭੁੱਖਣ-ਭਾਣਾ
ਚੁੰਝਾਂ ਤੋਂ ਅੰਞਾਣਾਂ
ਆਸ ਕੋਈ ਸਿਸਕਦੀ
ਨੀਂਦਰਾਂ ਚੋਂ
ਫੁੱਲ ਕੋਈ ਤਰੇਲ੍ਹਿਆ ਗਿਆ
ਚੰ ਨ ਦੀ ਕਾਂਤਰ
ਲਟਕੀ ਹੈ
ਮੇਪਲ ਦੇ ਪੱਤਿਆਂ ਪਿੱਛੇ
ਛੁਰੀ ਵੱਖੀ 'ਚ
ਅੰਬਰ ਦੇ
ਡਲਕਦਾ ਹੈ ਕੁੱਝ
ਨੈਣਾਂ ਵਿਚ ਸੁਰਮਈ
ਰਾਤ ਦੇ
ਤਾਰਾ ਤਾਰਾ ਰੋਇਆ ਹੈ
ਹਨੇਰਾ
ਠਿਠੁਰਦਾ ਹੈ ਸਿਵਾ
ਮੋਏ ਦਿਨ ਦਾ
ਮੁੜ ਆ ਘਰ ਨੂੰ
ਤੂੰ ਵੀ
ਮੇਰਿਆ ਦਿਲਾ
ਫੁੱਲ ਕਲ ਚੁਗਾਂਗੇ------
Charanjit S Mann

1 comment: