Wednesday, September 5, 2012

ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ


ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ
ਕਲ ਦਾ ਅਖਬਾਰ ਸੀ ਬਸ ਦੇਖ ਲਿਆ ਰੱਖ ਛੱਡਿਆ

ਰਾਤ ਮਜ਼ਦੂਰ ਦੇ ਘਰ ਫੇਰ ਨਾ ਚੁੱਲਾ ਜਲਿਆ
ਬਲਦੇ ਜਿਸਮਾਂ ਦੀ ਅਗਨ ਸੇਠ ਮਹੱਲ ਰਤ ਛੱਡਿਆ

ਰੁੱਖ ਇਹ ਆਜ਼ਾਦੀ ਦਾ ਡੰਡਲ ਹੀ ਤਾਂ ਬਸ ਰਹਿ ਗਿਆ ਹੁਣ
ਫਲ ਤਾਂ ਫਲ ਕੋਈ ਸਿਆਸਤ ਨੇ ਨਹੀਂ ਪੱਤ ਛੱਡਿਆ

ਗਲ ਬਰਾਬਰਤਾ ਦੀ ਤੁਰਦੀ ਵੀ ਰਹੀ ਲੰਗੜਾਂਦੀ
ਜੁੱਗੜੇ ਬੀਤ ਗਏ ਮਨੂੰਆਂ ਨਹੀਂ ਹਠ ਛੱਡਿਆ

ਰਾਤ ਕਲਮਾਂ ਜੁੜੀਆਂ ਗਮ ਦੇ ਤ੍ਰਿੰਝਣ ਬੈਠੇ
ਦੁਖ ਦੇ ਚਰਖੇ ਤੇ ਕੋਈ ਗੀਤ ਨਵਾਂ ਕੱਤ ਛੱਡਿਆ

ਹੁਣ ਤਈਂ ਚੀਸ ਵੀ ਇਕ ਇਕ ਮੈਂ ਬਚਾ ਰੱਖੀ ਹੈ
ਫੇਰ ਭੁਲਦਾ ਕਿਵੇਂ ਇੰਝ ਅਕਸ ਤੇਰਾ ਰਟ ਛੱਡਿਆ

ਚਲ ਪਿਆ  ਰਾਤ ਗਏ ਜ਼ਿਕਰ ਗਵਾਚੇ ਚੰਨ ਦਾ
ਗਲ ਤਾਂ ਰੋਣੇ ਦੀ ਸੀ,ਤੇਰੀ ਸੀ ਤਾਂ ਮੈਂ ਹਸ ਛੱਡਿਆ

No comments:

Post a Comment