Thursday, March 8, 2012

ਉਹ ਪਾਸ ਸੀ ਤਾਂ ਭੁਲ ਗਿਆ ਸੀ ਧੜਕਨਾ


ਚੇਤਨ ਮੇਰੇ ਨੂੰ  ਇੰਝ ਹੀ ਲਿਖਿਆ ਤੜਪਣਾ
ਅੱਖਾਂ ਦੇ ਖਾਰੇ ਛੰਭ ਵਿਚ ਹੀ ਗਰਕਣਾ


ਵਕ਼ਤਾਂ ਦੇ ਪੈਰੀਂ ਫੇਰ ਬਸ ਕੁਝ ਠੀਕਰਾਂ 
ਜਿੰਦ ਦੇ ਜਦੋਂ ਕੱਚੇ ਘੜੇ ਨੇ ਤਿੜਕਣਾ 


ਹਰ ਸ਼ਾਖ ਤੇ ਉਂਝ ਮੌਲਦੀ ਆਈ ਬਹਾਰ 
ਚਾਹ ਦਾ ਬਿਰਖ ਹੀ ਪੱਤਿਆਂ ਤੋਂ ਸੱਖਣਾ 


ਦਾਵੇ ਮੁਹੱਬਤ ਦੇ ਕਰੇ ਦਿਲ ਬਾਅਦ ਵਿਚ 
ਉਹ ਪਾਸ ਸੀ ਤਾਂ ਭੁਲ ਗਿਆ ਸੀ ਧੜਕਨਾ 


ਕੁਝ ਨ੍ਹੇਰਿਆਂ ਅੱਖਰਾਂ ਚ ਲਿੱਖੀ ਸੀ ਗਈ 
ਤਕ਼ਦੀਰ ਨੂੰ ਨਾਂ ਰਾਸ ਆਇਆ ਚਾਨਣਾ 


ਉਮਰਾਂ ਦੇ ਤੱਤੇ ਮੌਸ੍ਮੀਂ ਦਿਲ ਨੂੰ ਨਸੀਬ 
ਯਾਦਾਂ ਦੇ ਮਾਰੂਥਲ ਪਿਆਸਾ ਭਟਕਣਾ


ਤਲਵਾਰ ਹੱਥੀਂ  ਆਪਣੇ ਲੈ ਆਂਵਦਾ 
ਐਨਾ ਜ਼ਰੂਰੀ ਸੀ ਜੇ ਮੈਨੂੰ ਪਰਖਣਾ 


ਹੁਣ ਏਸ ਉਮਰੇ ਰੱਬ ਨਵੇਂ ਕੀਕਣ ਕਰਾਂ
ਤੇਰੀ ਹੀ ਸਰਦਲ ਤੇ ਹੈ ਮੱਥਾ ਟੇਕਣਾ 

No comments:

Post a Comment