Saturday, March 31, 2012

ਸ਼ਾਮ ਹੋਈ ਤਰਕਾਲਾਂ ਢਲੀਆਂ


ਸ਼ਾਮ ਹੋਈ ਤਰਕਾਲਾਂ ਢਲੀਆਂ
ਦਿਲ ਵਿਚ ਯਾਦ ਮਿਸ਼ਾਲਾਂ ਜਲੀਆਂ


ਚਾਨਣ ਕਿਰਨਾਂ ਮੂਰਛ ਹੋਈਆਂ
ਤਾਰੇ ਝੱਸਣ ਚੰਨ ਦੀਆਂ ਤਲੀਆਂ


ਪੀਰ ਬੁਲਾ ਸੌ ਟਾਮਣ- ਟੂਣੈ
ਪਰ ਨਾ ਹਿਜਰ ਬਲਾਵਾਂ ਟਲੀਆਂ


ਸਭ ਬੇਕਾਰ ਦਿਲਾਂ ਦਾ ਰਲਣਾ
ਜਦ ਨਾ ਹਥ-ਰੇਖਾਵਾਂ ਰਲੀਆਂ


ਦੰਮਾਂ-ਵਤ ਪਰਦੇਸੀ ਆਏ
ਚੁਣ ਲੈ ਗਏ ਚੰਬੇ ਦੀਆਂ ਕਲੀਆਂ


ਬਣ ਬਣ ਸ਼ਹਿਦ ਕੰਨਾਂ ਵਿਚ ਘੁਲ ਗਏ
ਬੋਲ ਤੇਰੇ ਮਿਸ਼ਰੀ ਦੀਆਂ ਡਲੀਆਂ


ਦਿਲ ਦਿੱਤੇ ਦਾ ਕੁੱਝ ਨਾ ਲੇਖਾ
ਨਾ ਹੀ ਪੁੰਨ,ਨਾ ਮਿਲੀਆਂ ਫਲੀਆਂ


ਚਾਰ ਘੜੀ ਬਹਿ ਬਾਬਲ ਵੇਹੜੇ 
ਕੂੰਜਾ ਆਪਨੜੇ ਘਰ ਚਲੀਆਂ


ਦਹਸ਼ਤ ਬੰਦ ਕਰਾਏ ਬੂਹੇ
ਸੁੰਨ ਫਿਰੇ ਪਿੰਡਾਂ ਦੀਆਂ ਗਲੀਆਂ


ਜਨਤਾ-ਲਾਰੇ ਚੋਣਾਂ ਜਿਤੀਆਂ
ਨਿਜ ਖਾਤਿਰ ਫਿਰ ਦਲ-ਬਦਲੀਆਂ


ਮੇਰੇ ਗੀਤਾਂ ਦਾ ਸਰਮਾਇਆ
ਟੁੱਟੇ ਦਿਲ ਦੀਆਂ ਝੱਲ-ਵਲੱਲੀਆਂ 

No comments:

Post a Comment