Tuesday, April 3, 2012

ਚਾਨਣਾਂ ਨੂੰ ਹੱਥ ਲਾਉਣਾ ਉਮਰ ਭਰ ਵਰਜਿਤ ਰਿਹਾ


ਚੰਦ ਦੇ ਉੰਝ ਤਾਂ ਅੰਦਰਲੇ ਵੀ ਦਾਇਰਿਆਂ ਦੇ ਵਿਚ ਰਿਹਾ
ਚਾਨਣਾਂ ਨੂੰ ਹੱਥ ਲਾਉਣਾ ਉਮਰ ਭਰ ਵਰਜਿਤ ਰਿਹਾ


ਲੰਮ-ਸਲੰਮੇ ਸ਼ਾਮ-ਪਰਛਾਵੇਂ ਘੁਲੇ ਮਿਲ ਆਪਸੀ
ਸੋਨੇ ਰੰਗੀ ਕਣਕ ਪਿੱਛੇ ਲਾਲ ਸੂਰਜ ਛਿਪ ਰਿਹਾ


ਰੰਗ-ਬਰੰਗੇ ਪਰ ਫੈਲਾਂਦੇ ਆਏ ਵੀ ਪੰਛੀ ਕਈ
ਮੇਰੀ ਦਿਖ ਦਾ ਪੌਣ-ਪਾਣੀ ਹੀ ਨਹੀਂ ਮਾਫਿਕ ਰਿਹਾ


ਜ਼ਹਰ-ਮਾਰੇ ਲੇਖ ਤੋਂ ਤਾਂ ਸੀ ਕੁੜੱਤਣ ਹੀ ਉਮੀਦ
ਦਿਲ ਮੇਰਾ ਤਾਂ ਸ਼ਹਿਦ ਤੋਂ ਵੀ ਜ਼ਹਰ ਦਾ ਜਾਚਿਕ ਰਿਹਾ


ਫਿਰ ਸਦਾ ਲਈ ਪੱਸਰੀ ਚੁਪ-ਭੁਖ ਸ਼ਹੀਦਾਂ ਦੇ ਘਰੇ
ਚਾਰ ਦਿਨ ਅਖਬਾਰ ਦੇ ਪੰਨਿਆਂ ਤੇ ਕੁਝ ਚਰਚਿਤ ਰਿਹਾ


ਚੰਨ ਦਾ ਸੱਗੀ-ਫੁਲ ਸਜਾ ਮੱਥੇ ਗੁਜ਼ਰ ਗਏ ਚਾਰ ਦਿਨ
ਰਾਤ ਦੀ ਦੁਲਹਨ ਦੇ ਮੁਖ ਤੇ ਤਾਰਿਆਂ-ਚੇਚਕ ਰਿਹਾ


ਰਾਤ ਦੇ ਮੁਖ ਤੋਂ ਹਨੇਰੇ ਦਾ ਦੁਪੱਟਾ ਸਰਕਿਆ
ਦੂਰ ਦਿਸ-ਹੱਦੇ ਦੀ ਹਿਕ ਤੇ ਪਹੁ-ਫੁਟਾਲਾ ਦਿਖ ਰਿਹਾ


ਵੰਨ-ਸੁਵੰਨੇ ਮੌਸਮਾਂ ਦਾ ਆਣ-ਜਾਣਾ ਲੱਗਿਆ
ਨੈਣ ਬੁਲਬੁਲ ਦੇ ਵਿਰਾਨਾ ਸੀ,ਇਹੀ ਨਿਸ਼ਚਤ ਰਿਹਾ


ਹਥ ਕਲੀਰੇ ਮਹਿਲਾਂ ਵਾਲੀ ਦੇ , ਤਲੀਂ ਮਹਿੰਦੀ ਰਚੀ
ਕੁੱਲੀਆਂ ਦੀ ਧੀ ਦੇ ਹਥ ਰੱਟਣ ਹੀ ਸੀ ਕਿਸਮਤ ਰਿਹਾ

No comments:

Post a Comment