Sunday, April 15, 2012

ਅੱਖ ਮੇਰੀ ਵਿਚ ਸੁਰਮੇ ਰੰਗਾ ਆਥਣ ਮੁੜ ਘਿਰ ਆਇਆ ਹੈ


ਸਾਹ ਮੇਰੇ ਦੀਆਂ ਵਿਰਲਾਂ ਥਾਣੀਂ ਇਕ ਹੌਕਾ ਝਿਰ ਆਇਆ ਹੈ
ਅੱਖ ਮੇਰੀ ਵਿਚ ਸੁਰਮੇ ਰੰਗਾ ਆਥਣ ਮੁੜ ਘਿਰ ਆਇਆ ਹੈ


ਦੇਰ ਲਹੂ ਨੂੰ ਅੱਧਖੜ ਰੁੱਤੇ ਹੋਈ ਸੋਝੀ ਸੇਕਾਂ ਦੀ
ਮੈਨੂੰ ਫੁਲ-ਰੰਗਾਂ ਦਾ ਮੌਸਮ ਕਦ ਵੇਲੇ ਸਿਰ ਆਇਆ ਹੈ


ਚਲਾ ਗਿਆ ਜਦ ਮੇਰਾ ਹੋ ਕੇ ਆਵਣ ਦੀ ਰੁਤ ਮੌਲੀ ਸੀ
ਆਇਆ ਵੀ ਮੁੜ ਜਦ ਦਿਲ ਮੇਰਾ ਹੋ ਦੂਜੀ ਧਿਰ ਆਇਆ ਹੈ


ਸਾਹ ਮੇਰੇ ਗਮ- ਮੋਚਾਂ ਆਈਆਂ ਲਾਸਾਂ ਪਈਆਂ ਦਿਲ ਉੱਤੇ
ਤੱਤੇ ਫੇਹੇ ਮਿਹਰਾਂ ਦੇ ਲੇਕਿਨ ਕਦ ਗੋਚਰ ਆਇਆ ਹੈ


ਕਲਮਾਂ ਦਾ ਲੇਖਾ-ਜੋਖਾ ਹੈ ਹਰਫ ਹੋਇਆ  ਜੋ ਪੰਨਿਆਂ ਤੇ 
 ਲੇਖਾਂ ਦੀ ਭੁੱਬਲ੍ਹ ਦਾ ਕਚਰਾ ਨੈਣਾਂ ਚੋਂ ਕਿਰ ਆਇਆ ਹੈ


ਪੈੜੋਂ ਭਟਕੇ ਰਾਹੀ ਨੂੰ ਕਦ ਮੰਜ਼ਿਲ ਮੁੜ ਰਾਹ ਦਿੰਦੀ ਹੈ
ਇਕ ਵੇਰਾਂ ਧੜਕਣ ਤਿਲਕੀ ਜੋ ਫਿਰ ਦਿਲ ਨਾ ਥਿਰ ਆਇਆ ਹੈ

No comments:

Post a Comment