Friday, April 6, 2012


ਤਾਰਾ ਤਾਰਾ ਰਾਤ ਗੁਜ਼ਰ ਗਈ
ਯਾਦ ਤੇਰੀ ਦੇ ਰਾਹੀਂ
ਦੂਰ ਸੁਮੇਲੀਂ ਪਹੁ ਫੁਟਦੀ ਹੈ
ਮੇਰੇ ਅੰਬਰ ਨਾਹੀਂ
ਮੇਰੇ ਦਿਲ ਦਾ ਸੂਰਜ ਹੈ ਤੂੰ
ਧੁਪ ਬਿਗਾਨੇ ਥਾਈਂ

ਕਲ ਕਲ ਅੱਖਾਂ – ਆੜੀਂ ਵਹਿੰਦਾ
ਦਿਲ ਖੂਹਾਂ ਦਾ ਪਾਣੀ
ਵੱਟ ਵੱਟ ਗਮ ਦਾ ਖੱਬਲ ਉੱਗਿਆ
ਤਿੜ ਤਿੜ  ਹੱਡਾਂ   ਤਾਈਂ
ਰਾਤ ਪਹਰ ਤਕ ਅੰਦਰ ਗਿੜਿਆ
ਕੱਲਰ ਰਾਤ ਸਿੰਜਾਈ

ਸਾਵੀਂ ਰੰਗਤ ਬਣ - ਬੂਟੇ ਤੇ
ਦਿਲ ਦੇ ਬਾਗੀਂ ਸੋਕਾ
ਅੱਖਾਂ ਦੇ ਥਲ ਰੇਤ ਪਿਆਸੀ
ਲਹਿਕੇ ਪਾਣੀ ਧੋਖਾ
ਕਿਸੀ ਬਿਗਾਨੇ ਵੇਹੜੇ ਵਰ੍ਹ ਗਈ
ਤੇਰੀ ਮਿਹਰ ਨਿਗਾਹੀ

ਪੱਥਰ ਯੁਗ ਦੀ ਰਹਿੰਦ ਹੈ ਕੋਈ
ਅੱਖਰ  ਅੱਖਰ  ਬੇਹਾ
ਗੀਤ ਮੇਰਾ ਦਿਲ ਕੰਧ ਤੋਂ ਲੱਥੀ
ਮਾਸ ਦੀ ਛਿਲ੍ਤਰ ਜੇਹਾ
ਪਲਕਾਂ ਹੁਣ ਤਕ ਲਹੂ ਲੁਹਾਣੀਆਂ
ਬੁੱਲੀਂ ਖੂਨ ਲਲਾਈ

ਕੌੜ-ਕਸੇਲ੍ਹਾ ਫਲ ਇਸ਼ਕੇ ਦਾ
ਰੂਹ ਨੇ ਚਖ ਲਿਆ ਹੈ
ਅੰਦਰੋ-ਅੰਦਰ ਰਿਸਦਾ ਮਹੁਰਾ
ਸੀਨੇ ਰਖ ਲਿਆ ਹੈ
ਦੁਖਦੇ ਸੁਰ ਧੜਕਣ ਦੇ ਬੁੱਲੀਂ
ਪੀੜ  ਕੁੜੱਤਣ ਸਾਹੀਂ

ਰਾਤਾਂ ਨੇ ਚੁਪ ਵੈਣ ਅਲਾਏ
ਯਾਦ ਤੇਰੀ ਜਦ ਆਈ
ਸਿਰ ਗਮਗੀਨ ਸਿਰਹਾਣੇ ਸੁੱਟਿਆ
ਨੈਣਾਂ ਛਹਿਬਰ ਲਾਈ
ਸੀਨੇ ਤੇ ਸਿਰ ਰਖ ਕੇ ਸੌਂ ਗਿਓਂ
ਤੂੰ ਗੈਰਾਂ ਦੀ ਬਾਹੀਂ

ਦਿਨ ਭਰ ਅੱਗ ਨਦੀ ਦਾ ਤਰਨਾ
ਰਾਤੀਂ ਅੱਖ ਝਨਾਈਂ
ਦੁੱਖਾਂ ਦੇ ਭਵ -ਸਾਗਰ ਤਰਦੇ
ਅੱਥਰੀ ਅਉਧ ਵਿਹਾਈ
ਆਪੇ ਨਾਵ ਮੇਰੇ ਜੀਵਨ ਦੀ
ਡੋਬੀ ਲੇਖ ਮਲਾਹੀਂ

ਤਨ ਦੇ ਜੇਠੀਂ ਹਾੜ ਰੇਤੀਲੇ
ਤਪਦੇ ਰੈਣ ਬਿਤਾਈ
ਹਿਜਰ ਗਮਾਂ ਦੇ ਸਾਵਣ ਆਏ
ਨੈਣਾਂ ਝੜੀ ਲਗਾਈ
ਜਿੰਦ ਦੇ ਬਾਗੀਂ ਮੋਰ ਕੁਰਲਾਏ
ਬੱਦਲ ਬੱਦਲ ਧਾਹੀਂ

2 comments:

  1. ਬਹੁਤ ਸੁਹਣੀ,ਸੰਵੇਦਨਾ ਭਰਪੂਰ ਨਜ਼ਮ ! ਸੁਰਜੀਤ...

    ReplyDelete
    Replies
    1. bahut bahut shukriya,surjit ji;aap ji jahe sukhan-shanaas da aithe auna hi ik aizaaz di gal hai,te meri haqeer kaavish nu pasand farmauna sone te suhaga wali gall ho gayii;ik baar pher shukriya

      Delete