Friday, April 6, 2012

ਚੰਦ ਸੀ ਉਹ ਨ੍ਹੇਰਿਆਂ ਵਿਚ ਘੁਲ ਗਿਆ


ਮੇਰੇ ਲੇਖੀਂ ਉਲਝਿਆ ਤਾਂ ਰੁਲ ਗਿਆ
ਚੰਦ ਸੀ ਉਹ ਨ੍ਹੇਰਿਆਂ ਵਿਚ ਘੁਲ ਗਿਆ


ਆਸ ਨੂੰ ਵੀ ਨਾ ਪਿਆ ਸੀ ਬੂਰ ਅਜੇ
ਰੂੜੀਆਂ ਰਸਮਾਂ ਦਾ ਝੱਖੜ ਝੁਲ ਗਿਆ


ਇਕ ਸਿਲਾ ਬੇਮੌਸਮੀ ਬਰਸਾਤ ਦਾ
ਹਰ ਨਕਸ਼ ਪਹਚਾਣ ਦਾ ਸੀ ਧੁਲ ਗਿਆ


ਇਕ ਭੁਲੇਖਾ ਸੀ ਤੇਰੇ ਮੁੜ ਆਣ ਦਾ
ਜਾਣਦਾ ਸਾਂ ਭਰਮ ਹੈ, ਮੁਸ਼ਕਿਲ ਗਿਆ


ਮੇਰੇ ਲਈ ਉਹ ਜਾਨ ਤੋਂ ਅਨਮੋਲ ਸੀ
ਵਿਛੜਿਆ ਤੇ ਕੋਡੀਆਂ ਦੇ ਤੁਲ ਗਿਆ


ਸਾਲਾਂ ਲੱਗੇ ਭੇਦ ਦਿਲ ਉਸ ਖੋਲਣੇ
ਬੰਦ ਸੀ ਹਰ ਰਾਸਤਾ, ਜਦ ਖੁਲ ਗਿਆ


ਹੋਈ ਮੁੱਦਤ ਸਾਹ 'ਚ ਉਹਦੇ ਸਾਹ ਲਿਆਂ
ਪਰ ਮੇਰੇ ਹਰ ਸਾਹ ਦੇ ਵਿਚ ਸ਼ਾਮਿਲ ਗਿਆ


ਬਿਨ ਭੁਲਾਏ ਉਸ ਨੂੰ ਵੀ ਚਾਰਾ ਨ ਸੀ
ਪਰ ਨ ਭੁਲਿਆ ,ਆਪ ਨੂੰ ਪਰ ਭੁਲ ਗਿਆ


ਇਸ਼ਕ ਵਿਚ ਸਰਮਦ ਯਾ ਫਿਰ ਮਜਨੂੰ ਕੋਈ
ਜੋ ਸਿਰੇ ਤੇ ਪਹੁੰਚਿਆ ਪਾਗਲ ਗਿਆ


ਉਹ ਗਿਆ ਸੂਰਜ ਵੀ ਉਹਦੇ ਨਾਲ ਹੀ
ਫਿਰ ਦਿਨਾਂ ਤੋਂ ਮੇਰਿਆਂ ਓਝਲ ਗਿਆ


ਸਾਰਾ ਦਿਨ ਸਬਰਾਂ ਪਿਆਲਾ ਭਰ ਰਿਹਾ
ਰਾਤ ਜੋ ਮੋਢੇ ਲਗਾਇਆ ਡੁਲ ਗਿਆ


ਹੁਣ ਤਾਂ ਅਪਣੀ ਹੀ ਖਬਰ ਨਾ ਜੱਗ ਦੀ
ਰਿਸ਼ਤਿਆਂ ਦੀ ਭੀੜ ਵਿਚ ਬੌਂਦਲ ਗਿਆ

No comments:

Post a Comment