Wednesday, April 18, 2012

ਭਰ ਰਾਤ ਦਾ ਸਫਰ ਮੇਰਾ ਤੈਥੋਂ ਬਗੈਰ ਫੇਰ
ਔਹ ਨਿਠਦਾ ਆ ਰਿਹਾ ਹੈ ਹਨੇਰੇ ਦਾ ਕਹਿਰ ਫੇਰ
ਭਰ ਰਾਤ ਦਾ ਸਫਰ ਮੇਰਾ ਤੈਥੋਂ ਬਗੈਰ ਫੇਰ


ਛੱਡਿਆ ਤਾਂ ਹੋਰ ਕਿਧਰੇ ਟਿਕਾਣਾ ਵੀ ਸੀ ਨਹੀਂ 
ਮੁੜਿਆ ਜਦੋਂ ਵੀ ਪਹੁੰਚਿਆ ਤੇਰੇ ਹੀ ਸ਼ਹਿਰ ਫੇਰ


ਗੀਤਾਂ ਦੀ ਦੇਹ ਵੀ ਨੀਲੀ ਤੇ ਅੱਖਰ ਵੀ ਨੇ ਬੇਹੋਸ਼
ਮੁੜ ਮੁੜ ਕੇ ਤੇਰੇ ਸ਼ੌਕ  ਦਾ ਪੀਤਾ ਹੈ ਜ਼ਹਿਰ ਫੇਰ


ਰਾਤਾਂ ਦੇ ਪਰਦੀਂ  ਪੁੰਨੂੰ  ਨੂੰ ਲੈ ਉੜ ਗਏ ਬਲੋਚ
ਸੱਸੀ ਦੇ ਪੈਰੀਂ ਹਿਜਰ ਦੀ ਤਪਦੀ ਦੁਪਹਿਰ ਫੇਰ


ਤਾਂਹੀ ਬਾਂਸੁਰੀ ਵਿਲਕਦੀ ਤੇ ਵੀਣਾ ਨੇ ਪਾਏ ਵੈਣ
ਸੀਨੇ ਚ ਉੱਠੀ ਗੀਤ ਦੇ ਦੁਖ ਦੀ ਸੀ ਲਹਿਰ ਫੇਰ


ਇਕ ਵੇਰ ਦਿਲ ਦੇ ਪੈਂਡਿਆਂ ਜੋ ਪਾ ਲਏ ਨੇ ਪੈਰ
ਮਜਨੂੰ ਸਿਰਾਂ ਦੀ ਪੈੜ ਨੂੰ ਮਿਲਦੀ ਨਾ ਠਹਿਰ ਫੇਰ


ਸ਼ਾਇਦ ਸੀ ਮੇਰੇ ਨਾਮ  ਤਦੇ ਗ੍ਰਹਣਿਆ ਗਿਆ
ਚੰਨ ਦੇ ਮੁਹਾਣੋਂ ਨਿਕਲੀ ਨਾ ਚਾਨਣ ਦੀ ਨਹਿਰ ਫੇਰ

No comments:

Post a Comment