Wednesday, April 4, 2012

ਕੋਸ਼ਿਸ਼ ਕੀਤੇ ਪੁੱਜਿਆ ਨਾ ਪਰ ਬਾਹਾਂ ਤਕ


ਤੋੜ ਬਿਗੜਦੇ ਰਹਿ ਗਏ ਬਿਖੜੇ ਰਾਹਾਂ ਤਕ
ਨਾਲ ਨਿਭਣ ਦੇ ਦਾਅਵੇ ਆਖਿਰ ਸਾਹਾਂ ਤਕ


ਜਨਮ ਜਨਮ ਦੇ ਸੁਫਨੇ ਟੁੱਟੇ ਵਸਲਾਂ ਦੇ
ਵਿੱਚੇ ਰਹਿ ਗਏ ਸੋਚੇ ਜੋੜ ਅਗਾਹਾਂ ਤਕ


ਪ੍ਰੀਤਾਂ ਦੇ ਰਬ ਹੀ ਸ਼ਾਇਦ ਗੁੰਗੇ -ਬੋਲੇ
ਕਦ ਪੁੱਜਦੀ ਹੈ ਦਿਲ ਦੀ ਹੂਕ ਉਤਾਹਾਂ ਤਕ


ਚਾਹਤ ਸੀ ਜੀਹਦੇ ਸਾਹਾਂ ਵਿਚ ਘੁਲ ਜਾਣਾ
ਕੋਸ਼ਿਸ਼ ਕੀਤੇ ਪੁੱਜਿਆ ਨਾ ਪਰ ਬਾਹਾਂ ਤਕ


ਭੂਮੀ ਦੀ ਅੱਖ ਵੇਖ ਕਿਸਾਨਾਂ ਦਹਲ ਰੋਈ
ਦਲਦਲ ਹੋਈ ਟੰਗੇ ਦੇਖ ਪਲਾਹਾਂ ਤਕ


ਭਰਮ ਹੈ ਅੰਨ-ਦਾਤੇ ਨੂੰ ਭੋਂ-ਮੁਖਤਾਰੀ ਦਾ
ਸਭ ਕੁਝ ਵੇਚ ਵਟਾ ਕੇ ਧਰਿਆ ਸ਼ਾਹਾਂ ਤਕ


ਲੈਅ ਦੇ ਪਰ ਬੰਨ ਸ਼ਬਦ-ਉਡਾਰੀ ਲਾਂਦਾ ਸੀ
ਮਰਿਆ ਸ਼ਾਇਰ ਉੜਦਾ ਪਿਆ ਸਵਾਹਾਂ ਤਕ


ਐਨੇ ਦੁਖੜੇ? ਰੱਬਾ ਕੀ ਦਸ ਮਾਰ ਲਏ ?
ਕਦੋਂ ਅਸਾਡੀ ਪਹੁੰਚ ਸੀ ਤੇਰੇ ਮਾਹਾਂ ਤਕ ?


ਰਬ,ਚੜਾਵੇ ਮੰਗਣ,ਬਾਬੂ ਦਫਤਰ ਦੇ
ਇਕ ਤੋਂ ਇਕ ਚੜਦਾ ਹੈ ਉੱਤੋਂ- ਠਾਹਾਂ ਤਕ


ਹੋਰਾਂ ਲਈ ਸਵੱਲੀ, ਹੈ ਬਸ ਤੇ ਗਾਇਬ
ਇਕ ਮੇਰੀ ਹੀ ਹਸਤੀ ਨਜ਼ਰ-ਪਨਾਹਾਂ ਤਕ


ਫੁਲ, ਬਹਾਰਾਂ, ਰੰਗ-ਪੀਂਘਾਂ ਤੇ ਤੇਰੇ ਹੀ
ਰੰਗਾਂ ਦੀ ਸਰਦਾਰੀ ਦੂਰ-ਨਿਗਾਹਾਂ ਤਕ

No comments:

Post a Comment