Sunday, February 12, 2012

ਕਾਹਨੂੰ ਅੜਿਆ ਫਿਰ ਦੁਖਦੀ ਰਗ ਛੇੜ ਲਈ


ਬੰਨ ਭੁਲ ਗਈ ਵਿਥਿਆ ਦੀ ਤੰਦ ਉਧੇੜ ਲਈ
ਕਾਹਨੂੰ ਅੜਿਆ ਫਿਰ ਦੁਖਦੀ ਰਗ ਛੇੜ ਲਈ


ਦਿਲ ਵਿਚ ਇਕ ਹੀ ਤਾਂ ਸਾਬਿਤ ਤਸਵੀਰ ਸੀ
ਠੋਕਰ ਖਾਧੇ ਸ਼ੀਸ਼ੇ ਵਾਂਙ ਤਰੇੜ ਲਈ


ਇਸ ਦੇ ਨਾਲ ਹੀ ਅੱਗੇ ਤੁਰਿਆਂ ਠੀਕ ਹੈ
ਵਕਤ-ਚਕਰ ਦੀ ਤੂੰ ਪੁੱਠੀ ਗੇੜੀ ਗੇੜ ਲਈ


ਕੀ ਮਿਲਿਆ ਧਰਮਾਂ ਦੀ ਬਾਂਦਰ-ਵੰਡ ਵਿੱਚੋਂ
ਮਾਸ ਨੌਹਾਂ ਦੀ ਜੱਦੀ ਸਾਂਝ ਨਿਖੇੜ ਲਈ


ਦਿਲ-ਖਾਣੀ ਡਾਢੀ ਬੇਦਰਦ ਚੁੜੇਲ ਹੈ ਇਹ
ਤਾਂਘ-ਤ੍ਰੇਹ ਦਸ ਕਿਸ ਲਈ ਅੱਖ ਚੰਬੇੜ ਲਈ


ਕੀ ਲੈਣਾ ਤੂੰ ਸਾਡੇ ਹਾਲ-ਬੇਹਾਲ ਤੋਂ
ਸੁਲਝ ਅਪਣੀ ਛਡ ਸਾਡੀ ਅਸਾਂ ਨਿਬੇੜ ਲਈ


ਗੈਰ ਬਖੇੜੇ ਤੂੰ ਕੀ ਕੱਢਣਾ ਪਾਉਣਾ ਸੀ
ਉਲ੍ਹਝ ਪਰਾਈ ਆਪਣੀ ਪਗ ਲਬੇੜ ਲਈ


ਚਾਦਰ ਵੇਖ ਕੇ ਪੈਰ ਪਸਾਰਨਾ ਚੰਗਾ ਹੈ
ਲੋੜ ਪਏ ਤੇ ਅਪਣੀ ਲੋੜ ਸੁਕੇੜ ਲਈ


ਖਬਰ ਨਹੀਂ ਕਦ ਉਸ ਦੇ ਨੈਣੋਂ ਉਤਰਿਆ 
ਕਦ ਉਸ ਆਪਣੇ ਦਿਲ ਦੀ ਬਾਰੀ ਭੇੜ ਲਈ


ਅੰਤ ਔਕਾਤ ਤੇਰੀ ਉਸ ਨੇ ਦਿੱਤੀ ਵਿਖਲਾ
ਰਖ ਲੈਣੀ ਸੀ ਥੋੜੀ ਰੈਲ੍ਹ ਚਪੇੜ ਲਈ

No comments:

Post a Comment