Tuesday, February 21, 2012

ਇਸ ਰਾਤ ਬਿਰਹੜੇ ਦੀ, ਦਾ ਕੁਝ ਹਿਸਾਬ ਬਾਕ਼ੀ 
ਦੁਖ ਦੀ ਨਦੀ ਤਾਂ ਟੱਪ ਲਈ,ਅਖ ਦਾ ਝਨਾਬ  ਬਾਕ਼ੀ


ਸੁੰਨ ਰਾਤ ਦੇ ਹੈ ਬੁੱਲੀਂ ਨਗਮਾ ਵੀ ਵੈਣ ਹੋਯਾ
ਸਾਹਾਂ ਦੇ ਸਾਜ ਚੁਪ ਹੁਣ ਆਹ ਦੀ ਰਬਾਬ ਬਾਕ਼ੀ 


ਉੰਝ ਮੇਰੀ ਜਿੰਦੜੀ ਤਾਂ ਕਾਸ਼ਤ ਸੀ ਕੰਡਿਆਂ ਦੀ
ਇਕ ਯਾਦ ਰੰਗ-ਭਰੀ ਦਾ ਖਿੜਦਾ ਗੁਲਾਬ ਬਾਕ਼ੀ 


ਮੌਸਮ ਤੇ ਦਿਲ ਦੇ ਅਜ ਕਲ ਬਸ  ਜੇਠ ਹਾੜ ਰਹਿੰਦੇ 
ਸਾਗਰ ਲਹੂ ਦੇ ਸੁਕ ਗਏ ਅਖ ਦੇ ਤਲਾਬ ਬਾਕ਼ੀ


ਇਕ ਇਕ ਹੈ ਕਰ ਕੇ ਆਖਿਰ ਹਰ ਸੁਖ ਚਿੜੀ ਤਾਂ ਖਾ ਲਈ 
ਰੱਖੀ ਨਜ਼ਰ ਹੈ ਦਿਲ ਤੇ , ਦੁਖ ਦੇ ਉਕ਼ਾਬ ਬਾਕ਼ੀ


ਹੁਣ ਜਾਗਦੀ ਮੇਰੀ ਰਾਤ ਨੀਂਦਾਂ ਨੂੰ ਲਭਦੀ ਹੈ
ਮੇਰੇ ਸੁਤ ਉਨੀਂਦਰੇ ਦਾ ਕੋਈ ਹੈ ਖਾਬ ਬਾਕ਼ੀ 


ਦੁੱਖਾਂ ਨੇ   ਖਾ ਲਈ ਕੁਝ ਗਮ ਝੱਖੜਾਂ ਉੜਾਈ 
ਬਚਿਆ ਨਾ ਏਸ ਜਿੰਦ ਦਾ ਕੁਝ ਵੀ ਜਨਾਬ ਬਾਕ਼ੀ


ਆਏ ਸੀ ਉੱਪਰੋਂ ਥੱਲੇ ਕੁਝ ਵਗ ਹਨੇਰੀਆਂ ਦੇ
ਹੁਣ ਕੋਲ ਢਾਈ ਦਰਿਆ ਇਕ ਗਿਠ ਪੰਜਾਬ ਬਾਕ਼ੀ

No comments:

Post a Comment