Tuesday, February 7, 2012

ਉੰਝ ਹੋਰ ਬਹੁਤ ਮੇਰਾ ,ਉਹ ਮੇਰਾ ਹੀ ਇਕ ਨਾ ਸੀ


ਸੂਰਜ ਮੇਰੇ ਗਗਨ ਦਾ , ਸਵੇਰਾ ਹੀ ਇਕ ਨਾ ਸੀ
ਉੰਝ ਹੋਰ ਬਹੁਤ ਮੇਰਾ ,ਉਹ ਮੇਰਾ ਹੀ ਇਕ ਨਾ ਸੀ


ਜੀਵਨ ਤਾਂ ਇਕ ਜ਼ਹਰ ਸੀ ਮਰ ਮਰ ਵੀ ਪੀ ਲਿਆ
ਮਰ ਜਾਂਦਾ ਪੀ ਇਕ ਵਾਰ ਹੀ , ਜੇਰਾ ਹੀ ਇਕ ਨਾ ਸੀ


ਦਿਲ ਕਿਉਂ ਨਾ ਦਹਲ ਜਾਂਵਦਾ ਰਾਤਾਂ ਦੇ ਉਤਰਿਆਂ
ਯਾਦਾਂ ਵੀ ਆਣ ਢੁਕੀਆਂ, ਹਨੇਰਾ ਹੀ ਇਕ ਨਾ ਸੀ


ਜ਼ਖਮਾਂ ਥੀਂ ਤੇਥੋਂ ਆਸ ਸੀ,ਸੀਨਾ ਫਰੋਲਿਆਂ
ਹਰ ਇਕ ਦੇ ਨਾਂ ਦਾ ਤੀਰ ਸੀ, ਤੇਰਾ ਹੀ ਇਕ ਨਾ ਸੀ


ਕੁਝ ਚੋਟਾਂ ਗੁੱਝੀਆਂ ਕਈ ਬੇਲਾਗ ਠੋਕਰਾਂ
ਕੰਡੇ ਜੀਂ ਸਿੱਧਾ ਖੁੱਭਦਾ,ਤਿਖੇਰਾ ਹੀ ਇਕ ਨਾ ਸੀ


ਸਾਗਰ ਦੁਖਾਂ ਦੇ ਸ਼ਿਵ ਜਿਉਂ ਸੰਘ ਥੀਂ ਉਤਾਰ ਲਏ
ਜੀਵਨ ਦਾ ਜ਼ਹਰੀ ਨਾਗ , ਸਪੇਰਾ ਹੀ ਇਕ ਨਾ ਸੀ


ਛਾਲੇ ਸੀ ਪੈਰੀਂ ਰਿਸਦੇ ਤੇ ਭਖੜੇ ਵਿਛੇ ਹੋਏ
ਫੁਲ ਪੱਤੀਆਂ ਦਾ ਰਾਹਾਂ 'ਚ ਕੇਰਾ ਹੀ ਇਕ ਨਾ ਸੀ


ਹਥਾਂ ਨੂੰ ਦਰਦ ਬੇੜੀਆਂ ਪੈਰਾਂ ਨੂੰ ਸੰਗਲਾਂ
ਵਸਲਾਂ ਨੂੰ ਮੇਰੇ ਬਾਹਾਂ ਦਾ ਘੇਰਾ ਹੀ ਇਕ ਨਾ ਸੀ

No comments:

Post a Comment