Saturday, January 14, 2012

ਅੰਨ ਦਾਤਾ ਹੋਣ ਦਾ ਜਿਸ ਨੂੰ ਭਰਮ

ਪਿੱਠ ਕਰਕੇ ਮੇਰੇ ਅੱਗੋਂ ਲੰਘਿਆ
ਸ਼ਖ਼ਸ ਸੀ ਪਰ ਜਾਣਿਆ ਪਹਿਚਾਣਿਆ

ਭੁਖਣ ਭਾਣਾ ਫੇਰ ਥਕ ਕੇ ਸੌਂ ਗਿਆ
ਭੋਰ ਤੋਂ ਜੋ ਬੋਝ ਸੀ ਢੋਂਦਾ ਰਿਹਾ

ਅੰਨ ਦਾਤਾ ਹੋਣ ਦਾ ਜਿਸ ਨੂੰ ਭਰਮ
ਗਲ 'ਚ ਰੱਸੀ ਪਾ ਫਲਾਹੀ ਟੰਗਿਆ

ਮਾਸ-ਖਾਣੇ ਲੋਥ ਨੂੰ ਰਹੇ ਨੋਚਦੇ
ਬਾਲ ਮਾਂ ਦੇ ਦੁੱਧ ਨੂੰ ਰੋਂਦਾ ਰਿਹਾ

ਖੂਨ ਵੀ ਪਰਤੱਖ ਸੀ ਰਹਬਰ ਦੇ ਮੂੰਹ
ਦੰਗਿਆਂ ਲਈ ਭੀੜ ਦਾ ਨਾਂ ਲੱਗਿਆ

ਪਿੱਛੇ ਉਜੜੇ ਆਲਣੇ ਹੈ ਸਾਂਭਦਾ
'ਰੁਖ ਵੀ ਲਗਦਾ ਹੈ ਮੇਰੇ ਬਾਪੂ ਜਿਹਾ '

ਵੇਚ ਭੋਇੰ ਬਾਹਰ ਪੁਤ ਨੂੰ ਤੋਰਿਆ
ਕੀ ਕਰੇ ਫਿਰ ਕਰਜ਼ਾਂ ਥੱਲੇ ਦੱਬਿਆ

ਗੁਰਦਵਾਰਾ ਜਾਤੀਂ-ਪਾਤੀਂ ਵੰਡਿਆ
ਮਾਣ ਅਪਣੇ ਗੁਰ ਦਾ ਵੀ ਨਾ ਰੱਖਿਆ

ਚੂਰ ਹੋਏ ਖ਼ਾਬ ਦਾ ਹਰ ਟੁਕੜਾ ਮੈਂ
ਰਾਤ ਬਹ ਕੇ ਅੱਖਾਂ ਨਾਲ ਚੁਗ ਲਿਆ

ਪਲਕਾਂ ਉੱਤੇ ਚੜ ਨਦੀ ਰਹੀ ਸ਼ੂਕਦੀ
ਰਾਤੀਂ ਜਦ ਸਬਰਾਂ ਦਾ ਬੰਨ ਸੀ ਟੁਟਿਆ

ਉਹ ਸਦਾ ਲਈ ਛੱਡ ਤੈਨੂੰ ਤੁਰ ਗਿਆ
ਚਲ 'ਚਮਨ'* ਇਹ ਵੀ ਝਮੇਲਾ ਮੁੱਕਿਆ

No comments:

Post a Comment