Friday, January 27, 2012

ਜਾਗਦੀ ਰਾਤ


ਉਡੀਕ ਵਿਚ
ਤੇਰੀ
ਰਾਤ ਫੇਰ ਜਾਗਦੀ ਰਹੀ
ਬੀਮਾਰ ਕਿਸੀ ਕਰਵਾਹਟ ਦੀ ਤਰਾਂ
ਹਵਾ ਦੇ ਹੌਕਿਆਂ ਤੇ ਸਵਾਰ
ਪਿੱਪਲ ਪੱਤਿਆਂ ਨੂੰ ਲਰਜ਼ਾਂਦੀ;


ਚੰਦਰਮਾ
ਇਕ ਰਿਸਦਾ ਜ਼ਖ਼ਮ
ਹਨੇਰੇ ਦੀ ਛਾਤੀ ਤੇ
ਜੜ੍ਹ ਵਾਲਾ ਫੋੜਾ,
ਚਾਨਣ
ਗੰਧਲਾ ਮੁਵਾਦ-
ਦੂਸ਼ਿਤ ਖਿਆਲਾਂ ਦੀ ਫਿਜ਼ਾ;


ਝੁੰਡ ਸਿਤਾਰਿਆਂ ਦੇ
ਅਰਸ਼ਾਂ ਦੇ ਮੁਖ ਉੱਤੇ
ਚੇਚਕ ਦੇ ਦਾਣੇ
ਆਸ ਦੀ ਚੜਦੀ ਜਵਾਨੀ ਦੇ
ਸ਼ਫ਼ਾਫ਼ ਤੇ ਸਾਫ ਚਿਹਰੇ ਤੇ
ਕਿਲ-ਮੁਹਾਂਸੇ
ਪੀੜਾਂ ਦੇ;


ਟਿਮਟਿਮਾਂਦੀਆਂ ਲੋਆਂ
ਗੁਝੀਆਂ ਪੀੜਾਂ 
ਟਸ ਟਸ ਕਰਦੀਆਂ;


ਮਲ੍ਹਮ ਹੋਵੇ ਕੋਈ
ਤੱਤੇ ਸਾਹਾਂ ਦੀ
ਦਰਦਮੰਦ ਕਿਸੀ ਨਿਗਾਹ ਦਾ
ਫੇਹਾ
ਵਸਲਾਂ ਦੀ ਰਾਹਤ
ਟਕੋਰ ਕੋਈ -


ਰਾਤ ਜਾਗਦੀ ਹੈ
ਉਡੀਕ ਨੂੰ
ਤੇਰੀ

No comments:

Post a Comment