Sunday, January 22, 2012

ਦੁਖ ਮੇਰੇ ਨਾਲ-ਨਾਲ ਰਹਿੰਦਾ ਹੈ



ਮੇਰੀ ਕੁੱਲੀ ਜ਼ਵਾਲ ਰਹਿੰਦਾ ਹੈ
ਇਕ ਹੀ ਨ੍ਹੇਰਾ ਬਹਾਲ ਰਹਿੰਦਾ ਹੈ

ਭਾਗ-ਭਾਸ਼ਾ ,ਜਵਾਬ ਕੋਈ ਨਹੀਂ
ਮੱਥੇ ਖੁਣਿਆ ਸਵਾਲ ਰਹਿੰਦਾ ਹੈ

ਜ਼ੋਰੂ,ਜ਼ਰ ਤੇ ਜ਼ਮੀਨ ਐਥੇ ਨਹੀਂ
ਰੰਗ-ਰੁਤ ਦਾ ਜਮਾਲ ਰਹਿੰਦਾ ਹੈ

ਚਲੋ ਪੰਛੀ ਹੀ ਚੋਗ-ਵਸ ਆਏ
ਹੋਰ ਨੀਂ ਤਾਂ ਬੁਰਾਲ੍ਹ ਰਹਿੰਦਾ ਹੈ

ਲੁੱਟ ਦਾ ਮਾਲ ਵੀ ਗ਼ਨੀਮਤ ਹੈ
ਪਰ ਜੋ ਹਕ ਦਾ ਹਲਾਲ ਰਹਿੰਦਾ ਹੈ

ਕੋਈ ਵੀ ਚੀਕ ਨਾ ਚਿਹਾੜਾ ਮੇਰਾ
ਦੁਖ ਮੇਰੇ ਨਾਲ-ਨਾਲ ਰਹਿੰਦਾ ਹੈ

ਹੁਣ ਮੇਰਾ ਗ਼ਮ ਦੇ ਨਾਲੋਂ ਭੇਦ ਨਹੀਂ
ਲੂੰਓਂ ਲੂੰਅ ਡਾਲ-ਡਾਲ ਰਹਿੰਦਾ ਹੈ

ਕੀ ਪਿਆ ਕਲ ਲਈ ਵਗਾਰ ਕਰੋ
ਹਾਲ ਜਦ ਓਸੇ ਹਾਲ ਰਹਿੰਦਾ ਹੈ

ਕਹੋ ਲੰਗਰ ਨੂੰ ਉਠ ਚਲੇ ਖੁਦ ਹੀ
ਜਿਸ ਘਰੇ ਖਾਲੀ ਥਾਲ ਰਹਿੰਦਾ ਹੈ

ਆਹੀਂ ਸਾਹੀਂ ਤਪਸ਼ ਦਾ ਨਾਂ ਵੀ ਨਹੀਂ
ਮੇਰੀ ਹਿਕ ਵਿਚ ਹਿਮਾਲ ਰਹਿੰਦਾ ਹੈ

ਚੁੱਲ੍ਹਾ , ਅੰਗੀਠੀ, ਸੇਕ ਕੁਝ ਵੀ ਨਹੀਂ
ਘਰੇ ਅਣਮੁਕ ਸਿਆਲ੍ਹ ਰਹਿੰਦਾ ਹੈ

No comments:

Post a Comment