Wednesday, January 25, 2012

ਮੇਰਾ ਨਈਂ ਤੇ ਡਰ ਕਿਉਂ ਮੈਨੂੰ

ਡੁੱਬਣਾ ਆਸ-ਸਿਤਾਰਿਆਂ ਮੇਰੇ,
ਲੇਖ-ਦਿਸ਼ਾਵਾ ਘੁੰਮ ਜਾਣੇ ਦਾ,
ਮੇਰਾ ਨਈਂ ਤੇ ਡਰ ਕਿਉਂ ਮੈਨੂੰ
ਤੇਰਾ ਮੈਥੋਂ ਗੁੰਮ ਜਾਣੇ ਦਾ

ਦਿਲ ਦੀ ਨਗਰੀ ਜੇਠ ਉਤਰਿਆ
ਵਾਜਬ ਰੂਹਾਂ ਤੇ ਜਲ ਜਾਣਾ,
ਸ਼ੋਕ ਹੈ ਭਖਦੇ ਸੀਨੇ ਕੈਦੀ
ਗੁੰਗੀ ਆਹ ਦੇ ਹੁੰਮ ਜਾਣੇ ਦਾ

ਉੱਠੀਆਂ ਸਰਘੀ ਦੇ ਬਿਸਤਰ ਤੋਂ
ਮੈਨੂੰ ਸੂਰਜ ਕਿਰਨਾਂ ਤੇ ਹੈ,
ਹਸਦ, ਨਜ਼ਰ ਮੇਰੀ ਤੋਂ ਪਹਿਲਾਂ
ਤੇਰਾ ਮੱਥਾ ਚੁੰਮ ਜਾਣੇ ਦਾ

ਯਾਦ ਤੇਰੀ ਦੀ ਸੰਦਲ ਕਨਸੋਅ
ਮਹਿਕਾਂ ਦੇ ਨਾਲ ਭਰਦੀ ਗਈ,
ਰੰਜ ਖਬਰ ਮੇਰੇ ਦਿਲ ਦੀ ਪਰ
ਬਾਗ-ਬਗੀਚੀਂ ਧੁੰਮ ਜਾਣੇ ਦਾ

ਹਿਜਰ ਵਿਛੋੜੇ ਕਰਮ-ਕਮਾਈ
ਲੰਮੀ ਭਟਕਣ ਜੂੰਨਾਂ ਦੀ,
ਰੂਹ ਨੂੰ ਗੇੜ ਸਰਾਪੇ ਜਾਣਾ
ਮਿਲਣ ਤੇਰੇ ਤੋਂ ਖੁੰਝ ਜਾਣੇ ਦਾ

No comments:

Post a Comment