Thursday, January 19, 2012

ਛਾ ਗਿਆ ਹਨੇਰਾ ਰਾਤ ਸੁਸਤੀ ਕਰੇ


ਛਾ ਗਿਆ ਹਨੇਰਾ ਰਾਤ ਸੁਸਤੀ ਕਰੇ
ਕੋਸੇ ਕੋਸੇ ਚਾਨਣਾਂ ਦੀ ਚੁਸਕੀ ਭਰੇ
ਅੰਬਰਾਂ ਦੇ ਖੇਤੀਂ ਨੇ ਸਿਤਾਰੇ ਉਗ ਪਏ
ਬਿਰਹਾ ਕੁਰੇਦੇ ਰੂਹੀਂ ਜ਼ਖਮ ਹਰੇ

ਫਿਜ਼ਾ ਵਿਚ ਬਿੰਡਿਆਂ ਦਾ ਸ਼ੋਰ ਮੱਚਿਆ
ਪੱਤਾ ਗੌਂਦੀ ਪੌਣ ਦੇ ਡਗੇ ਤੇ ਨੱਚਿਆ
ਪਾਣੀਆਂ ਤੇ ਚਾਨਣੀ ਦੀ ਭੂਰ ਡਿਗਦੀ
ਦਿਲ ਨੂੰ ਹੈ ਗਮ ਦਾ ਸਪੋਲੀਆ ਲੜੇ

ਹੌਲੀ ਹੌਲੀ ਹੂਕਦੀ ਲੁਕਾਈ ਸੌਂ ਗਈ
ਬੂਹਿਆਂ ਤੇ ਬਾਰੀਆਂ ਨੂੰ ਮੂਰਛਾ ਪਈ
ਟਾਹਣੀਆਂ ਤੇ ਸਿਰ ਰਖ ਟਿਕ ਗਈ ਹਵਾ
ਦੀਦਿਆਂ ਤੋਂ ਨੀਂਦ ਕੋਹਾਂ ਫਾਸਲੇ ਪਰੇ

ਕੰਮ ਨੂੰ ਮੁਕਾ ਕੇ ਮੰਜੇ ਪਿੱਠ ਲਾਉਂਦੀਆਂ
ਦਾਦੀਆਂ ਪੜੋਤਿਆਂ ਨੂੰ ਬਾਤਾਂ ਪਾਉਂਦੀਆਂ
ਪਰੀਆਂ ਦੇ ਦੇਸ ਬਾਲ ਸੁਰਤੀ ਫਿਰੇ
ਦਰਦ ਦਿਓ ਨੇ ਪੈਰ ਛਾਤੀਆਂ ਧਰੇ

ਰੂਹਾਂ ਦੀਆਂ ਜੂਹਾਂ, ਗਮ ਕੁੱਤੇ ਭੌਂਕਦੇ
ਤਪਦੇ ਵਿਸਾਲਾਂ ਤੇਹੇ ਸਾਹ ਨੇ ਹੌਂਕਦੇ
ਤਾਲ਼ਾ-ਲੱਗੀ ਆਸ ਆਹਾਂ ਸੰਨ਼ ਲੌਂਦੀਆਂ
ਦਿਲ ਖੂਨ ਦੁਖ ਦੀਆਂ ਭੱਠੀਆਂ ਕੜੇ਼

ਸੁਫਨੇ-ਮਹੱਲ ਗਿੱਲੀ ਰੇਤ ਦੇ ਬਣੇ
ਆਸ ਦੀਆਂ ਕਲੀਆਂ ਦੇ ਜ਼ਖਮੀ ਤਣੇ
ਹਾਲਤਾਂ ਤੋਂ ਬਾਗੀ ਸੋਚ ਤਨ ਦੇ ਸਣੇ
ਦਰਦ ਦੁਹਾਈਆਂ ਦੀਆਂ ਸੂਲੀਆਂ ਚੜੇ


No comments:

Post a Comment