Monday, January 16, 2012

ਉਹ ਕੌਣ ਸੀ ਜੋ ਬੁੱਲਾਂ ਤੇ ਚਿਪਕਾ ਕੇ ਚੁਪ ਦਾ ਸਾਜ਼

ਉਹ ਕੌਣ ਸੀ ਜੋ ਬੁੱਲਾਂ ਤੇ ਚਿਪਕਾ ਕੇ ਚੁਪ ਦਾ ਸਾਜ਼
ਬਾਗਾਂ ਚੋਂ ਲੰਘ ਗਿਆ ਹੈ ਫੁੱਲੋਂ ਤੋਂ ਬੇਨਿਆਜ਼

ਸੂਰਜ,ਸਿਤਾਰੇ ਚੀਰਦੀ ਅਸਮਾਨ ਤਕ ਗਈ
ਸਦਨਾਂ ਦੇ ਬੋਲੇ ਕੰਨ ਤਈਂ ਪਹੁੰਚੀ ਨਾ ਪਰ ਅਵਾਜ਼

ਚੁੱਲੀ ਜੋ ਭਰ ਕੇ ਪੀ ਲਈ ਪਾਹੁਲ ਦੀ, ਖੰਡੇਧਾਰ
ਚਿੜੀਆਂ ਨੇ ਜਾ ਦਬੋਚ ਲਏ ਗਗਨਾਂ 'ਚ ਉੜਦੇ ਬਾਜ਼

ਕਿਰਤਾਂ,ਪਸੀਨਿਆਂ ਦਾ,ਲਹੂ ਦਾ ਨਾ ਮੁਲ ਕੋਈ
ਪੈਸਾ ਕਮਾਉਂਦਾ ਪੈਸਾ ਇਹੀ ਮੰਡੀਆਂ ਦਾ ਰਾਜ਼

ਬਣਕੇ ਉਮੀਦ ਆਈ ਸੀ ਖੁਸ਼ਹਾਲੀਆਂ ਦੀ ਨਾਰ
ਮਹਿਲਾਂ ਨੂੰ ਵਸਣੇ ਤੁਰ ਗਈ,ਸਭ ਨੂੰ ਵਿਖਾ ਕੇ ਨਾਜ਼

ਮੜੀਆਂ ,ਚੁਬਾਰਿਆਂ ਨੂੰ ਤਾਂ ਦਿਲਦਾਰ ਨੇ ਬੜੇ
ਝੁੱਗੀਆਂ ਦਾ ਪਰ ਹੈ ਕੋਈ ਵੀ, ਦਿਲਬਰ ਨਾ ਦਿਲ-ਨਿਵਾਜ਼

ਇਕ ਵਾਰ ਲੰਘ ਗੁਦਾਮ ਚੋਂ ਵਿਕਦੇ ਨੇ ਸੋਨੇ-ਭਾਅ
ਪੂੰਜੀ ਜਦੋਂ ਕਿਸਾਨ ਦੀ ਰੁਲਦੇ ਸੀ ਤਦ ਪਿਆਜ਼ 

No comments:

Post a Comment